‘ਜੰਗਲਰਾਜ ਦੇ ਯੁਵਰਾਜ’ ‘ਤੇ ਤੇਜਸਵੀ ਦਾ ਜਵਾਬ, ਬੋਲੇ- ਉਹ ਦੇਸ਼ ਦੇ ਪ੍ਰਧਾਨ ਮੰਤਰੀ ਹਨ, ਕੁਝ ਵੀ ਬੋਲ ਸਕਦੇ ਹਨ

ਪਟਨਾ, 29 ਅਕਤੂਬਰ (ਨਿਊਜ਼ ਪੰਜਾਬ)- ਬਿਹਾਰ ‘ਚ ਵਿਰੋਧੀ ਧਿਰਾਂ ਦੇ ਮਹਾਂਗਠਜੋੜ ਦੀ ਅਗਵਾਈ ਕਰ ਰਹੇ ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਪਲਟਵਾਰ ਕੀਤਾ ਹੈ। ਉਨ੍ਹਾਂ ਨੇ ਪਹਿਲੇ ਗੇੜ ਦੀ ਵੋਟਿੰਗ ਵਾਲੇ ਦਿਨ ਚੋਣ ਰੈਲੀਆਂ ‘ਚ ਪ੍ਰਧਾਨ ਮੰਤਰੀ ਮੋਦੀ ਵਲੋਂ ਮੁੱਦਿਆਂ ‘ਤੇ ਗੱਲ ਨਾ ਕਰਨ ‘ਤੇ ਨਿਰਾਸ਼ਾ ਪ੍ਰਗਟਾਈ ਹੈ। ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਦਾ ਨਾਂ ਲਏ ਬਿਨਾਂ ਕਿਹਾ ਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਹਨ, ਕੁਝ ਵੀ ਬੋਲ ਸਕਦੇ ਹਨ ਪਰ ਗ਼ਰੀਬੀ, ਭੁੱਖਮਰੀ, ਬੇਰੁਜ਼ਗਾਰੀ, ਪਲਾਇਨ ਆਦਿ ਵਰਗੇ ਮੁੱਦਿਆਂ ‘ਤੇ ਵੀ ਉਨ੍ਹਾਂ ਨੂੰ ਬੋਲਣਾ ਚਾਹੀਦਾ ਹੈ। ਚੋਣ ਰੈਲੀ ਲਈ ਨਿਕਲਣ ਤੋਂ ਪਹਿਲਾਂ ਪਟਨਾ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤੇਜਸਵੀ ਕੋਲੋਂ ਜਦੋਂ ਇਹ ਪੁੱਛਿਆ ਗਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਨੂੰ ‘ਜੰਗਲਰਾਜ ਦਾ ਯੁਵਰਾਜ’ ਕਿਹਾ ਹੈ ਤਾਂ ਉਨ੍ਹਾਂ ਕਿਹਾ, ”ਉਹ ਦੇਸ਼ ਦੇ ਪ੍ਰਧਾਨ ਮੰਤਰੀ ਹਨ, ਕੁਝ ਵੀ ਬੋਲ ਸਕਦੇ ਹਨ। ਮੈਂ ਇਸ ‘ਤੇ ਕੋਈ ਟੀਕਾ-ਟਿੱਪਣੀ ਨਹੀਂ ਕਰਨੀ ਹੈ ਪਰ ਉਹ ਆਏ ਸਨ ਤਾਂ ਉਨ੍ਹਾਂ ਨੂੰ ਬਿਹਾਰ ਦੇ ਵਿਸ਼ੇਸ਼ ਪੈਕੇਜ, ਬੇਰੁਜ਼ਗਾਰੀ, ਭੁੱਖਮਰੀ ‘ਤੇ ਬੋਲਣਾ ਚਾਹੀਦਾ ਸੀ। ਲੋਕਾਂ ਨੂੰ ਉਮੀਦ ਸੀ ਕਿ ਉਹ ਇਸ ‘ਤੇ ਬੋਲਣਗੇ ਪਰ ਉਨ੍ਹਾਂ ਨੇ ਇਸ ‘ਤੇ ਕੁਝ ਨਹੀਂ ਬੋਲਿਆ।”