ਜਨਮੇਜਾ ਸਿੰਘ ਸੇਖੋਂ ਦੇ ਘਰ ਹੋਈ ਅਕਾਲੀ ਵਰਕਰਾਂ ਦੀ ਮੀਟਿੰਗ
ਫ਼ਿਰੋਜ਼ਪੁਰ, 28 ਅਕਤੂਬਰ (ਨਿਊਜ਼ ਪੰਜਾਬ)- ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ 2022 ਮਿਸ਼ਨ ਦੀ ਪ੍ਰਾਪਤੀ ਲਈ ਵਰਕਰਾਂ ਨੂੰ ਹੁਣੇ ਤੋਂ ਹੀ ਲਾਮਬੰਦ ਕਰਨ ਸਬੰਧੀ ਬਣਾਈ ਯੋਜਨਾ ਤਹਿਤ ਹਲਕਾ ਵਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸੇ ਤਹਿਤ ਅੱਜ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਦੀ ਅਕਾਲੀ ਵਰਕਰਾਂ ਦੀ ਮੀਟਿੰਗ ਅਕਾਲੀ ਦਲ ਦੇ ਜ਼ਿਲ੍ਹਾ ਆਬਜ਼ਰਵਰ ਜਨਮੇਜਾ ਸਿੰਘ ਸੇਖੋਂ ਸਾਬਕਾ ਕੈਬਨਿਟ ਮੰਤਰੀ ਦੇ ਗ੍ਰਹਿ ਵਿਖੇ ਹੋਈ, ਜਿਸ ‘ਚ ਵੱਡੀ ਗਿਣਤੀ ‘ਚ ਅਕਾਲੀ ਵਰਕਰ ਉਤਸ਼ਾਹ ਨਾਲ ਸ਼ਾਮਿਲ ਹੋਏ। ਵਰਕਰ ਨੂੰ ਪਾਰਟੀ ਗਤੀਵਿਧੀਆਂ ‘ਚ ਵਧ-ਚੜ੍ਹ ਕੇ ਭਾਗ ਲੈਣ ਪ੍ਰਤੀ ਉਤਸ਼ਾਹਿਤ ਕਰਦਿਆਂ ਸਾਬਕਾ ਮੰਤਰੀ ਸੇਖੋਂ ਨੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਪੰਜਾਬ ਨਾਲ ਕੀਤੇ ਜਾ ਰਹੇ ਵਿਤਕਰੇ ਦੀ ਜ਼ੋਰਦਾਰ ਸ਼ਬਦਾਂ ‘ਚ ਨਿਖੇਧੀ ਕਰਦਿਆਂ ਕਿਹਾ ਕਿ ਕੇਂਦਰ ਮੋਦੀ ਸਰਕਾਰ ਵਲੋਂ ਰੂਰਲ ਫ਼ੰਡ ਰੋਕਣਾ ਸਿੱਧੇ ਤੌਰ ‘ਤੇ ਪੰਜਾਬ ਦੇ ਹੱਕਾਂ ‘ਤੇ ਡਾਕਾ ਹੈ। ਉਨ੍ਹਾਂ ਕਿਹਾ ਕੇਂਦਰ ਸਿੱਧੇ ਤੌਰ ‘ਤੇ ਕਿਸਾਨਾਂ ਨਾਲ ਟਕਰਾਅ ਦੀ ਸਥਿਤੀ ਅਪਣਾ ਰਹੀ ਹੈ।