ਅਮਰੀਕੀ ਵਿਦੇਸ਼ ਮੰਤਰੀ ਪੌਂਪੀਓ ਨੇ ਕੀਤਾ ਗਲਵਾਨ ਘਾਟੀ ਦਾ ਜ਼ਿਕਰ, ਕਿਹਾ- ਭਾਰਤ ਦੇ ਨਾਲ ਖੜਾ ਹੈ ਅਮਰੀਕਾ

ਨਵੀਂ ਦਿੱਲੀ, 27 ਅਕਤੂਬਰ (ਨਿਊਜ਼ ਪੰਜਾਬ)- ਭਾਰਤ ਅਤੇ ਅਮਰੀਕਾ ਵਿਚਾਲੇ ਤੀਸਰੀ 2+2 ਮੰਤਰੀ ਪੱਧਰ ਦੀ ਬੈਠਕ ਲਈ ਭਾਰਤ ਦੇ ਦੋ ਦਿਨਾਂ ਦੌਰੇ ‘ਤੇ ਆਏ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਅੱਜ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨਾਲ ਮੁਲਾਕਾਤ ਕਰਨ ਮਗਰੋਂ ਕਿਹਾ ਕਿ ਅਮਰੀਕਾ ਭਾਰਤ ਵਲੋਂ ਆਪਣੀ ਅਖੰਡਤਾ ਲਈ ਕੀਤੇ ਜਾ ਰਹੇ ਕਦਮਾਂ ‘ਚ ਉਸ ਦੇ ਨਾਲ ਖੜ੍ਹਾ ਹੈ। ਪੌਂਪੀਓ ਨੇ ਜੂਨ ‘ਚ ਲਦਾਖ਼ ਦੀ ਗਲਵਾਨ ਘਾਟੀ ‘ਚ ਸ਼ਹੀਦ ਹੋਏ 20 ਭਾਰਤੀ ਜਵਾਨਾਂ ਦੀ ਸ਼ਹਾਦਤ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਅਮਰੀਕਾ ਭਾਰਤ ਦੇ ਨਾਲ ਖੜ੍ਹਾ ਹੈ। ਵਿਦੇਸ਼ ਮੰਤਰੀ ਪੌਂਪੀਓ ਨੇ ਕਿਹਾ, ”ਅਸੀਂ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਲਈ ਆਪਣੀ ਜਾਨ ਦੇਣ ਵਾਲੇ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਕੌਮੀ ਯੁੱਧ ਸਮਾਰਕ ‘ਤੇ ਗਏ। ਇਨ੍ਹਾਂ ‘ਚ ਪੀ. ਐਲ. ਏ. (ਚੀਨੀ ਫੌਜ) ਨਾਲ ਝੜਪ ‘ਚ ਜਾਨ ਗੁਆਉਣ ਵਾਲੇ 20 ਜਵਾਨ ਵੀ ਹੈ। ਭਾਰਤ ਦੀ ਅਖੰਡਤਾ ਅਤੇ ਸੁਤੰਤਰਤਾ ਦੀ ਲੜਾਈ ‘ਚ ਅਮਰੀਕਾ ਉਸ ਦੇ ਨਾਲ ਖੜ੍ਹਾ ਹੈ।” ਦੱਸ ਦਈਏ ਕਿ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਅਤੇ ਰੱਖਿਆ ਮੰਤਰੀ ਮਾਰਕ ਟੀ. ਐਸਪਰ ਬੀਤੇ ਦਿਨ 2+2 ਮੰਤਰੀ ਪੱਧਰ ਦੀ ਬੈਠਕ ਲਈ ਭਾਰਤ ਪਹੁੰਚੇ ਹਨ। ਅੱਜ ਹੋਈ ਇਸ ਬੈਠਕ ਦੌਰਾਨ ਦੋਹਾਂ ਦੇਸ਼ਾਂ ਨੇ ਰੱਖਿਆ ਅਤੇ ਸੁਰੱਖਿਆ ਤੇ ਖੇਤਰ ‘ਚ ਆਪਸੀ ਸਬੰਧ ਵਧਾਉਣ ਲਈ ਕਈ ਵੱਡੇ ਸਮਝੌਤੇ ਕੀਤੇ ਹਨ।