ਕੇਂਦਰੀ ਤਨਖ਼ਾਹ ਸਕੇਲ ਲਾਗੂ ਕਰਨ ਖ਼ਿਲਾਫ਼ ਅਧਿਆਪਕਾਂ ਨੇ ਨੋਟੀਫ਼ਿਕੇਸ਼ਨ ਦੀਆਂ ਸਾੜੀਆਂ ਕਾਪੀਆਂ
ਲਹਿਰਾਗਾਗਾ (ਸੰਗਰੂਰ), 27 ਅਕਤੂਬਰ (ਨਿਊਜ਼ ਪੰਜਾਬ)- ਪੰਜਾਬ ਸਰਕਾਰ ਵਲੋਂ ਅਧਿਆਪਕਾਂ ‘ਤੇ ਕੇਂਦਰੀ ਤਨਖ਼ਾਹ ਸਕੇਲ ਲਾਗੂ ਕਰਨ ਦੇ ਤਾਜ਼ਾ ਫ਼ੈਸਲੇ ਦੇ ਵਿਰੋਧ ‘ਚ ਗੌਰਮਿੰਟ ਟੀਚਰਜ਼ ਯੂਨੀਅਨ ਅਤੇ ਐਲੀਮੈਂਟਰੀ ਟੀਚਰਜ਼ ਯੂਨੀਅਨ ਬਲਾਕ ਇਕਾਈ ਲਹਿਰਾਗਾਗਾ ਵਲੋਂ ਦਫ਼ਤਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਲਹਿਰਾਗਾਗਾ ਦੇ ਮੁੱਖ ਗੇਟ ਅੱਗੇ ਨੋਟੀਫ਼ਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਜੀ. ਟੀ. ਯੂ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਗਲਵੱਟੀ, ਸਤਵੰਤ ਆਲਮਪੁਰ, ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਆਗੂ ਕਿਰਨਪਾਲ ਸਿੰਘ ਅਤੇ ਕੁਲਦੀਪ ਸਿੰਘ ਨੇ ਕਿਹਾ ਕਿ ਤਾਜ਼ਾ ਨੋਟੀਫ਼ਿਕੇਸ਼ਨ ਦੇ ਖ਼ਿਲਾਫ਼ ਅਧਿਆਪਕਾਂ ‘ਚ ਭਾਰੀ ਰੋਸ ਹੈ।ਪੰਜਾਬ ਦੇ ਮੁਲਾਜ਼ਮਾਂ ਨੇ ਸਿਰੜੀ ਸੰਘਰਸ਼ਾਂ ਤੋਂ ਬਾਅਦ ਵੱਖਰੇ ਤਨਖ਼ਾਹ ਸਕੇਲ ਲਾਗੂ ਕਰਵਾਏ ਸਨ ਪਰ ਹੁਣ ਪੰਜਾਬ ਦੀ ਕਾਂਗਰਸ ਸਰਕਾਰ ਸੰਘਰਸ਼ਾਂ ਰਾਹੀਂ ਪ੍ਰਾਪਤ ਕੀਤੇ ਵੱਖਰੇ ਸਕੇਲਾਂ ਨੂੰ ਇਕੋ ਝਟਕੇ ‘ਚ ਖ਼ਤਮ ਕਰਨਾ ਚਾਹੁੰਦੀ ਹੈ।ਉਨ੍ਹਾਂ ਕਿਹਾ ਕਿ ਸਮੁੱਚੇ ਸੂਬੇ ‘ਚ 3 ਨਵੰਬਰ ਨੂੰ ਜ਼ਿਲ੍ਹਾ ਪੱਧਰ ‘ਤੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਜਾਣਗੇ। ਇਸ ਮੌਕੇ ਸਤਗੁਰ ਸਿੰਘ, ਜੱਜ ਰਾਮ, ਰਾਜੇਸ਼ ਕੁਮਾਰ, ਅੰਮ੍ਰਿਤਪਾਲ ਸਿੰਘ, ਨਵੀਨ ਕੁਮਾਰ, ਜਸਵਿੰਦਰ ਸਿੰਘ, ਪ੍ਰਿੰਸ ਗੋਇਲ, ਰਾਕੇਸ਼ ਕੁਮਾਰ, ਗੁਰਪ੍ਰੀਤ ਸਿੰਘ, ਕੁਲਦੀਪ ਸਿੰਘ, ਗਗਨਦੀਪ ਮਾਲਵਾ, ਅਮਿਤ ਕੁਮਾਰ, ਬੇਅੰਤ ਕੌਰ ਰਮਨਜੀਤ ਕੌਰ ਡੀ. ਟੀ. ਐਫ਼ ਤੋਂ ਗੁਰਪ੍ਰੀਤ ਪਿਸ਼ੋਰ ਅਤੇ ਗੁਰਮੀਤ ਸੇਖੂਵਾਸ ਪ. ਸ਼. ਸ਼. ਫ ਤੋਂ ਅਮਰੀਕ ਗੁਰਨੇ ਆਦਿ ਮੌਜੂਦ ਸਨ।