ਲਾਹੌਰ ‘ਚ ਕੋਵਿਡ-19 ਦੇ ਮਾਮਲੇ ਵਧਣ ਕਰਕੇ ਹਸਪਤਾਲਾਂ ‘ਚ ਸਰਜਰੀ ‘ਤੇ ਲਗਾਈ ਰੋਕ

ਅੰਮ੍ਰਿਤਸਰ, 27 ਅਕਤੂਬਰ (ਨਿਊਜ਼ ਪੰਜਾਬ)- ਲਾਹੌਰ ਦੇ ਸਰਕਾਰੀ ਮੈਆਓ ਹਸਪਤਾਲ ‘ਚ ਕੋਵਿਡ-19 ਦੇ ਮਾਮਲਿਆਂ ‘ਚ ਤੇਜ਼ੀ ਆਉਣ ਕਰਕੇ ਹਸਪਤਾਲ ‘ਚ ਕੀਤੀਆਂ ਜਾਣ ਵਾਲੀਆਂ ਚੋਣਵੀਂਆਂ ਸਰਜਰੀਆਂ ‘ਤੇ ਰੋਕ ਲਗਾ ਦਿੱਤੀ ਗਈ ਹੈ। ਹਸਪਤਾਲ ਦੇ ਸਰਜਰੀ ਵਿਭਾਗ ਦੇ ਚੇਅਰਮੈਨ ਪ੍ਰੋ. ਡਾ. ਸਈਦ ਅਸਗਰ ਨਕੀ ਵਲੋਂ ਇਸ ਬਾਰੇ ਜਾਰੀ ਕੀਤੇ ਨੋਟੀਫ਼ਿਕੇਸ਼ਨ ‘ਚ ਦੱਸਿਆ ਗਿਆ ਹੈ ਕਿ ਮੈਆਓ ਹਸਪਤਾਲ ਦੇ ਮੁੱਖ ਪ੍ਰਬੰਧਕੀ ਅਧਿਕਾਰੀ ਡਾ. ਅਸਦ ਅਸਲਮ ਖ਼ਾਨ ਦੁਆਰਾ ਦਿੱਤੇ ਗਏ ਨਿਰਦੇਸ਼ਾਂ ਮੁਤਾਬਿਕ ਹਸਪਤਾਲ ‘ਚ ਅਗਲੇ ਹੁਕਮਾਂ ਤਕ ਸਿਰਫ਼ ਐਮਰਜੈਂਸੀ ਅਤੇ ਕੈਂਸਰ ਦੇ ਮਰੀਜ਼ਾਂ ਦਾ ਹੀ ਇਲਾਜ ਅਤੇ ਸਰਜਰੀ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਪਾਕਿ ਸਰਕਾਰ ਨੇ ਇਸ ਤੋਂ ਪਹਿਲਾਂ ਐਲਾਨ ਕੀਤਾ ਸੀ ਕਿ ਪਾਕਿਸਤਾਨ ਦੇ ਸਭ ਸ਼ਹਿਰਾਂ ‘ਚ ਕੋਰੋਨਾ ਲਗਪਗ ਮੁਕੰਮਲ ਤੌਰ ‘ਤੇ ਖ਼ਤਮ ਹੋ ਚੁੱਕਾ ਹੈ।