ਮਹਾਰਾਜਾ ਰਣਜੀਤ ਸਿੰਘ ਵਰਗਾ ਨਹੀਂ ਕੋਈ ਰਾਜਾ – ਬੀ ਬੀ ਸੀ ਵਲੋਂ ਸਰਵੇਖਣ

ਲੰਡਨ , 8 ਮਾਰਚ ( ਨਿਊਜ਼ ਪੰਜਾਬ  ) -ਸਿੱਖ ਕੌਮ ਲਈ ਮਾਨ ਵਾਲੀ ਗੱਲ ਹੈ ਕਿ  ਵਿਸ਼ਵ ਦੇ ਮਹਾਨ ਮਹਾਰਾਜਿਆਂ ‘ ਚੋਂ ਮਹਾਰਾਜਾ ਰਣਜੀਤ ਸਿੰਘ ਪਹਿਲੇ ਸਥਾਨ ‘ ਤੇ ਆਏ ਹਨ | ਬੀ . ਬੀ . ਸੀ . ਹਿਸਟਰੀ ਮੈਗਜ਼ੀਨ ਵਲੋਂ ਕੀਤੇ ਗਏ ਸਰਵੇਖਣ ‘ ਚ 5000  ਲੋਕਾਂ ਨੇ ਭਾਗ ਲਿਆ | 38 ਫ਼ੀਸਦੀ ਲੋਕਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ 19ਵੀਂ ਸਦੀ ਦਾ ਮਹਾਨ ਰਾਜਾ ਕਿਹਾ ਹੈ ਜਦ ਕਿ ਦੂਜੇ ਸਥਾਨ ‘ ਤੇ ਅਫ਼ਰੀਕਾ ਦੇ ਆਜ਼ਾਦੀ ਘੁਲਾਟੀਏ ਅਲਕਾਰ ਕਾਬਲ ਦਾ ਨਾਂਅ ਹੈ ਜਿਸ ਨੂੰ 25 ਫ਼ੀਸਦੀ ਵੋਟਾਂ ਮਿਲੀਆਂ ਹਨ , ਜਿਸ ਨੇ ਆਪਣੇ ਕਰੋੜਾਂ ਲੋਕਾਂ ਨੂੰ ਇਕੱਠਾ ਕਰਕੇ ਪੁਰਤਗੀਜ਼ ਤੋਂ ਆਜ਼ਾਦੀ ਦਿਵਾਈ ॥ ਵਿਸ਼ਵ ਯੁੱਧ ਵੇਲੇ  ਯੂ . ਕੇ . ਦੇ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ 7 ਫ਼ੀਸਦੀ ਵੋਟਾਂ ਲੈ ਕੇ ਤੀਜੇ ਸਥਾਨ ‘ ਤੇ ਰਹੇ ਹਨ | ਅਮਰੀਕੀ ਰਾਸ਼ਟਰਪਤੀ ਇਬਰਾਹੀਮ ਲਿੰਕਨ ਨੂੰ ਚੌਥਾ ਅਤੇ ਯੂ . ਕੇ . ਦੀ ਮਹਾਰਾਣੀ ਐਲਿਜ਼ਾਬੈੱਥ ਪਹਿਲੀ ਨੂੰ 5ਵਾਂ ਸਥਾਨ ਮਿਲਿਆ ਹੈ | ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ‘ ਤੇ 1801 ਤੋਂ 1839 ਤੱਕ ਰਾਜ ਕੀਤਾ | 18ਵੀਂ ਸਦੀ ‘ ਚ ਭਾਰਤ ਲੜਾਈਆਂ ਦਾ ਅਖਾੜਾ ਬਣਿਆ ਹੋਇਆ ਸੀ | ਅਜਿਹੇ ਸਮੇਂ ਵਿਚ ਮਹਾਰਾਜਾ ਰਣਜੀਤ ਸਿੰਘ ‘ ਸ਼ੇਰ – ਏ – ਪੰਜਾਬ ਬਣ ਕੇ ਉੱਭਰੇ , ਜਿਸ ਦੇ ਰਾਜ ਭਾਗ ਵਿਚ ਸਭ ਧਰਮਾਂ ਨੂੰ ਆਜ਼ਾਦੀ ਸੀ I ਉਸ ਦੌਰ ਨੂੰ ਪੰਜਾਬ ਅਤੇ ਉੱਤਰੀ ਭਾਰਤ ਦਾ ਸਭ ਤੋਂ ਖੁਸ਼ਹਾਲ ਸਮਾਂ ਮੰਨਿਆ ਜਾਂਦਾਹੈ | ਮਹਾਰਾਜਾ ਰਣਜੀਤ ਸਿੰਘ ਦੀ 1839 ‘ ਚ ਮੌਤ ਤੋਂ ਬਾਅਦ ਅੰਗਰੇਜ਼ਾਂ ਨੇ ਪੰਜਾਬ ‘ ਤੇ ਕਬਜ਼ਾ ਕਰ ਲਿਆ | ਦੱਸਣਯੋਗ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਨਾਂਅ ਇਸ ਸਰਵੇਖਣ ‘ ਚ ਪ੍ਰਸਿੱਧ ਇਤਿਹਾਸਕਾਰ ਮੈਥਿਊ ਲੁਕਵੁੱਡ ਨੇ ਦਿੱਤਾ ਸੀ ।