ਬਿਹਾਰ ਚੋਣਾਂ : ਰਾਹੁਲ ਗਾਂਧੀ ਨੇ ਤੇਜਸਵੀ ਨਾਲ ਕੀਤੀ ਰੈਲੀ, ਪ੍ਰਧਾਨ ਮੰਤਰੀ ਮੋਦੀ ਅਤੇ ਨਿਤਿਸ਼ ਕੁਮਾਰ ‘ਤੇ ਵਿੰਨ੍ਹੇ ਨਿਸ਼ਾਨੇ
ਪਟਨਾ, 23 ਅਕਤੂਬਰ (ਨਿਊਜ਼ ਪੰਜਾਬ)- ਬਿਹਾਰ ਵਿਧਾਨ ਸਭਾ ਚੋਣਾਂ ‘ਚ ਮਹਾਂਗਠਜੋੜ ਵਲੋਂ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਤੇ ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਪਹਿਲੀ ਵਾਰ ਸਾਂਝੇ ਤੌਰ ‘ਤੇ ਚੋਣ ਰੈਲੀ ਨੂੰ ਸੰਬੋਧਿਤ ਕੀਤਾ ਅਤੇ ਕਿਹਾ ਕਿ ਬਿਹਾਰ ਦੀ ਜਨਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨਿਤਿਸ਼ ਕੁਮਾਰ ਨੂੰ ਕਰਾਰਾ ਜਵਾਬ ਦੇਵੇਗੀ। ਨਵਾਦਾ ਜ਼ਿਲ੍ਹੇ ਦੇ ਹਿਸੂਆ ਵਿਧਾਨ ਸਭਾ ਹਲਕੇ ‘ਚ ਆਯੋਜਿਤ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ‘ਤੇ ਜੰਮ ਕੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਚੀਨ ਨੇ ਸਾਡੀ ਫੌਜ ਦੇ 20 ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਅਤੇ ਸਾਡੀ 1200 ਕਿਲੋਮੀਟਰ ਜ਼ਮੀਨ ਲੈ ਲਈ। ਜਦੋਂ ਚੀਨ ਸਾਡੀ ਜ਼ਮੀਨ ਦੇ ਅੰਦਰ ਆਇਆ ਤਾਂ ਸਾਡੇ ਪ੍ਰਧਾਨ ਮੰਤਰੀ ਨੇ ਸਾਡੇ ਵੀਰ ਜਵਾਨਾਂ ਦਾ ਅਪਮਾਨ ਕਰਦਿਆਂ ਕਿਉਂ ਬੋਲਿਆ ਕਿ ਹਿੰਦੁਸਤਾਨ ਦੇ ਅੰਦਰ ਕੋਈ ਨਹੀਂ ਆਇਆ। ਰਾਹੁਲ ਨੇ ਅੱਗੇ ਕਿਹਾ ਕਿ ਹੁਣ ਪ੍ਰਧਾਨ ਮੰਤਰੀ ਕਹਿ ਰਹੇ ਹਨ ਕਿ ਉਹ ਇਨ੍ਹਾਂ ਵੀਰ ਜਵਾਨਾਂ ਦੇ ਅੱਗੇ ਸਿਰ ਝੁਕਾਉਂਦੇ ਹਨ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਸਵਾਲ ਕਰਦਿਆਂ ਕਿਹਾ ਕਿ ਉਹ (ਪ੍ਰਧਾਨ ਮੰਤਰੀ) ਦੱਸਣ ਕਿ ਚੀਨੀ ਸੈਨਿਕ ਭਾਰਤੀ ਸਰਹੱਦ ਤੋਂ ਕਦੋਂ ਬਾਹਰ ਨਿਕਲਣਗੇ। ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਆਖ਼ਿਰ ਪ੍ਰਧਾਨ ਮੰਤਰੀ ਨੇ ਇਹ ਝੂਠ ਕਿਉਂ ਬੋਲਿਆ ਸੀ ਕਿ ਚੀਨੀ ਸੈਨਿਕ ਭਾਰਤ ਦੀ ਸਰਹੱਦ ‘ਚ ਨਹੀਂ ਵੜੇ ਸਨ। ਰੈਲੀ ‘ਚ ਤੇਜਸਵੀ ਯਾਦਵ ਨੇ ਮੁੱਖ ਮੰਤਰੀ ਨਿਤਿਸ਼ ਕੁਮਾਰ ‘ਤੇ ਜੰਮ ਕੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਜਦੋਂ ਕੋਰੋਨਾ ਵਾਇਰਸ ਫੈਲਿਆ ਤਾਂ ਨਿਤਿਸ਼ ਕੁਮਾਰ ਖ਼ੁਦ ਮੁੱਖ ਮੰਤਰੀ ਰਿਹਾਇਸ਼ ‘ਚ ਬੰਦ ਹੋ ਗਏ ਸਨ ਅਤੇ ਉਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਸੜਕ ‘ਤੇ ਛੱਡ ਦਿੱਤਾ ਸੀ। ਉਨ੍ਹਾਂ ਕਿਹਾ ਕਿ 144 ਦਿਨਾਂ ਬਾਅਦ ਮੁੱਖ ਮੰਤਰੀ ਦੀ ਰਿਹਾਇਸ਼ ਤੋਂ ਬਾਹਰ ਨਿਕਲਣ ਵਾਲੇ ਨਿਤਿਸ਼ ਹੁਣ ਆਪਣੇ ਨਾਲ ਦੋ-ਦੋ ਡੱਬੇ ਲੈ ਕੇ ਚੱਲਦੇ ਹਨ ਕਿ ਕਿਤੇ ਕੋਰੋਨਾ ਨਾ ਹੋ ਜਾਵੇ ਪਰ ਉਨ੍ਹਾਂ ਨੂੰ ਸੂਬਾ ਵਾਸੀਆਂ ਦੀ ਚਿੰਤਾ ਨਹੀਂ ਹੈ। ਉਨ੍ਹਾਂ ਮਜ਼ਦੂਰਾਂ ਨੂੰ ਲਲਕਾਰਦਿਆਂ ਕਿਹਾ ਕਿ ਜਦੋਂ ਤੁਸੀਂ ਕੋਰੋਨਾ ਦੌਰਾਨ ਬਾਹਰ ਫਸੇ ਹੋਏ ਸਨ ਤਾਂ ਨਿਤਿਸ਼ ਜੀ ਨੇ ਤੁਹਾਨੂੰ ਵਾਪਸ ਲਿਆਉਣ ਤੋਂ ਵੀ ਮਨਾ ਕਰ ਦਿੱਤਾ ਸੀ।