ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਵਲੋਂ ਕਿਸਾਨਾਂ ਦੇ ਹੱਕ ਵਿੱਚ ਸ਼ਾਂਤਮਈ ਰੋਸ ਧਰਨਾ 25 ਨੂੰ
ਲੁਧਿਆਣਾ, 22 ਅਕਤੂਬਰ (ਭੁਪਿੰਦਰ ਸਿੰਘ ਮੱਕੜ )-ਮਨੁੱਖੀ ਸੇਵਾ ਕਾਰਜਾਂ ਨੂੰ ਸਮਰਪਿਤ ਸੰਸਥਾ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਪੰਜਾਬ ਦੇ ਮਿਹਨਤਕਸ਼ ਕਿਸਾਨਾਂ ਦੇ ਹੱਕ ਵਿੱਚ ਆਪਣੀ ਜ਼ੋਰਦਾਰ ਆਵਾਜ਼ ਬੁਲੰਦ ਕਰਦਿਆਂ ਹੋਇਆ ਐਲਾਨ ਕੀਤਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਕਿਸਾਨੀ ਨਾਲ ਸਬੰਧਤ ਤਿੰਨ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਹਾਅ ਦਾ ਨਾਅਰਾ ਮਾਰਨ ਅਤੇ ਲੁਧਿਆਣਾ ਸ਼ਹਿਰ ਨਿਵਾਸੀਆਂ ਨੂੰ ਕਿਸਾਨਾਂ ਦਾ ਵੱਧ ਤੋ ਵੱਧ ਸਮਰਥਨ ਕਰਨ ਦੇ ਉਦੇਸ਼ ਨੂੰ ਲੈ ਕੇ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਵੱਲੋਂ 25 ਅਕਤੂਬਰ ਨੂੰ ਸਵੇਰੇ 10 ਵੱਜੇ ਗੁਲਮੋਹਰ ਹੋਟਲ ਦੇ ਸਾਹਮਣੇ ਵਿਸ਼ਾਲ ਸ਼ਾਂਤਮਈ ਰੋਸ ਧਰਨਾ ਦਿੱਤਾ ਜਾਵੇਗਾ। ਅੱਜ ਸੁਸਾਇਟੀ ਦੇ ਪ੍ਰਮੁੱਖ ਆਹੁਦੇਦਾਰਾਂ ਨਾਲ ਮੀਟਿੰਗ ਕਰਨ ਉਪਰੰਤ ਪ੍ਰੈਸ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਜੱਥੇ. ਨਿਮਾਣਾ ਨੇ ਕਿਹਾ ਨੇ ਕਿ ਇਹਨਾਂ ਕਾਲੇ ਕਾਨੂੰਨਾਂ ਨਾਲ ਜਿਥੇ ਕਿਸਾਨੀ ਦਾ ਨੁਕਸਾਨ ਹੋਵੇਗਾ ਉਥੇ ਮਜਦੂਰ, ਛੋਟਾ ਦੁਕਾਨਦਾਰ, ਸ਼ਹਿਰ ਦਾ ਗਰੀਬ, ਤੇ ਹਰ ਵਰਗ ਵੀ ਇਸ ਦੀ ਲਪੇਟ ਵਿੱਚ ਆਏਗਾ।ਇਸ ਲਈ ਸ਼ਹਿਰੀ ਲੋਕਾਂ ਦਾ ਵੀ ਮੁੱਢਲਾ ਫਰਜ਼ ਬਣਦਾ ਹੈ ਕਿ ਉਹ ਵੀ ਕਿਸਾਨ ਭਰਾਵਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਇਹਨਾਂ ਮਨੁੱਖਤਾ ਮਾਰੂ ਕਾਨੂੰਨਾਂ ਦੇ ਖ਼ਿਲਾਫ਼ ਡੱਟਣ ਅਤੇ ਉਨ੍ਹਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨ।ਉਨਾਂ ਨੇ ਸ਼ਪੱਸ਼ਟ ਰੂਪ ਵਿੱਚ ਕਿਹਾ ਕਿ ਜੇ ਕਿਸਾਨੀ ਮਰ ਗਈ ਤਾਂ ਸਮਝੋ ਪੰਜਾਬ ਵਿਚਲਾ ਸ਼ਹਿਰੀ ਦਾ ਹਰ ਵਰਗ ਮਰ ਗਿਆ। ਇਸ ਲਈ ਸਾਡੀ ਸੁਸਾਇਟੀ ਸ਼ਾਤਮਈ ਰੋਸ ਧਰਨਾ ਮਾਰਨ ਜਾ ਰਹੀ ਹੈ। ਆਪਣੀ ਗੱਲਬਾਤ ਦੌਰਾਨ ਜੱਥੇਦਾਰ ਨਿਮਾਣਾ ਨੇ ਕਿਹਾ ਕਿ ਸਾਡੀ ਸੁਸਾਇਟੀ ਪੰਜਾਬ ਸਰਕਾਰ ਵੱਲੋਂ ਉਕਤ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੇ ਫੈਸਲੇ ਦਾ ਸਵਾਗਤ ਕਰਦੀ ਹੈ।ਪਰ ਇਹ ਲੜਾਈ ਬਹੁਤ ਲੰਮੀ ਤੇ ਸ਼ੰਘਰਸ਼ ਵਾਲੀ ਹੈ। ਜਿਸ ਦੇ ਲਈ ਸਮੂਹ ਪੰਜਾਬੀਆਂ ਨੂੰ ਇੱਕਜੁੱਟ ਹੋਣਾ ਪਵੇਗਾ। ਇਸ ਦੌਰਾਨ ਉਨ੍ਹਾਂ ਨੇ ਦੋਸ਼ ਲਗਾਇਆ ਕਿ ਕੁੱਝ ਸ਼ਰਾਰਤੀ ਅਨਸਰ ਸਾਡੇ ਸ਼ਾਤਮਈ ਰੋਸ ਧਰਨੇ ਨੂੰ ਅਸਫਲ ਕਰਨ ਦੀਆਂ ਕੋਸ਼ਿਸ਼ਾਂ ਫੇਸਬੁੱਕ, ਸੋਸ਼ਲ ਮੀਡੀਆ ਦੇ ਰਾਹੀਂ ਧਾਰਾ 144 ਦਾ ਹਵਾਲਾ ਦੇ ਕੇ ਕਰ ਰਹੇ ਹਨ। ਜਥੇਦਾਰ ਨਿਮਾਣਾ ਨੇ ਦਸਿਆ ਕਿ ਸਤਿਕਾਰਯੋਗ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ 20 ਅਕਤੂਰ ਨੂੰ ਟੀਵੀ ਚੈਨਲਾਂ ਰਾਹੀਂ ਸਪਸ਼ਟ ਰੂਪ ਵਿੱਚ ਬਿਆਨ ਦਿੱਤਾ ਹੈ ਕਿ ਕਿਸਾਨਾਂ ਦੇ ਹੱਕ ਵਿੱਚ ਲਗ ਰਹੇ ਧਰਨਿਆਂ ਤੇ ਪਰਚਾ ਦਰਜ਼ ਨਹੀਂ ਹੋਵੇਗਾ। ਜਥੇਦਾਰ ਨਿਮਾਣਾ ਨੇ ਸਾਥੀਆਂ ਤੇ ਸੰਗਤਾਂ ਨੂੰ ਅਪੀਲ ਕੀਤੀ ਕਿ ਧਰਨੇ ਨੂੰ ਅਸਫਲ ਬਣਾਉਣ ਲਈ ਹੋ ਰਹੇ ਕੂੜ ਪ੍ਰਚਾਰ ਤੋਂ ਸੁਚੇਤ ਰਹਿਣ।ਇਸ ਮੌਕੇ ਉਨ੍ਹਾਂ ਦੇ ਨਾਲ ਅਮ੍ਰਿੰਤਪਾਲ ਸਿੰਘ, ਰਜਿੰਦਰ ਸਿੰਘ ਰਾਜੂ, ਬੀਬੀ ਸਵਿੰਦਰਜੀਤ ਕੋਰ ਤਲੂਜਾ, ਬੀਬੀ ਸੁਖਵਿੰਦਰ ਕੌਰ ਸੁਖੀ, ਡਾਕਟਰ ਰੁਚਿਕਾ ਮਹਾਜਨ, ਇੰਦਰਪ੍ਰੀਤ ਸਿੰਘ ਕਾਕਾ, ਵਰਿੰਦਰ ਪਾਲ ਸਿੰਘ ਭਿੱਖੀ, ਐਡਵੋਕੇਟ ਮਨੀ ਖ਼ਾਲਸਾ, ਹਰਸਿਮਰਨ ਸਿੰਘ ਅਲਗ,ਮਨਦੀਪ ਸਿੰਘ ਅਜਾਦ, ਅਮਨਦੀਪ ਸਿੰਘ,ਜਗਵੀਰ ਸਿੰਘ, ਦਿਲਬਾਗ ਸਿੰਘ, ਅਕਾਸ਼ ਸਿੰਘ ਹਾਜਰ ਸਨ।