ਪਿੰਡ ਦੇਵੀਦਾਸਪੁਰਾ ਵਿਖੇ ਰੇਲ ਮਾਰਗ ‘ਤੇ ਕਿਸਾਨਾਂ ਦਾ ਧਰਨਾ 29 ਅਕਤੂਬਰ ਤੱਕ ਰਹੇਗਾ ਜਾਰੀ- ਚੁਤਾਲਾ

ਜੰਡਿਆਲਾ ਗੁਰੂ, 22 ਅਕਤੂਬਰ (ਨਿਊਜ਼ ਪੰਜਾਬ)- ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਿਸਾਨਾਂ- ਮਜ਼ਦੂਰਾਂ ਵਲੋਂ ਜੰਡਿਆਲਾ ਗੁਰੂ ਨਜ਼ਦੀਕ ਰੇਲਵੇ ਲਾਈਨ ‘ਤੇ ਪਿੰਡ ਦੇਵੀਦਾਸਪੁਰਾ ‘ਤੇ ਚੱਲ ਰਿਹਾ ਧਰਨਾ ਅੱਜ 29ਵੇਂ ਦਿਨ ਵੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਸਵਿੰਦਰ ਸਿੰਘ ਚੁਤਾਲਾ ਦੀ ਅਗਵਾਈ ਹੇਠ ਨਿਰੰਤਰ ਜਾਰੀ ਹੈ। ਇਸ ਦੌਰਾਨ ਕਿਸਾਨਾਂ ਵਲੋਂ ਕਾਰਪੋਰੇਟ ਘਰਾਣਿਆਂ ਤੇ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਕੇਂਦਰ ਦੇ ਖੇਤੀ ਕਾਨੂੰਨਾਂ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਗਈ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਸਵਿੰਦਰ ਸਿੰਘ ਚੁਤਾਲਾ ਨੇ ਦੱਸਿਆ ਕਿ ਇਹ ਧਰਨਾ 29 ਅਕਤੂਬਰ ਤੱਕ ਨਿਰੰਤਰ ਜਾਰੀ ਰਹੇਗਾ।