ਧੰਨਾ ਸੇਠਾਂ ਦੇ ਗ਼ੁਲਾਮ ਬਣਾਉਣ ਵਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਹਰਿਆਣਵੀ ਟੋਲ ਪਲਾਜ਼ਾ ਬੰਦ ਕਰਨਗੇ ਕਿਸਾਨ
ਡੱਬਵਾਲੀ, 20 ਅਕਤੂਬਰ (ਨਿਊਜ਼ ਪੰਜਾਬ)- ਹੁਣ ਖੇਤੀ ਕਾਨੂੰਨਾਂ ਦੇ ਵਿਰੋਧ ਹਰਿਆਣਵੀ ਟੋਲ ਪਲਾਜ਼ਾ ਵੀ ਰਾਹਗੀਰਾਂ ਲਈ ਮੁਫ਼ਤ ਹੋ ਜਾਣਗੇ। ਡੱਬਵਾਲੀ ਸਬ ਡਿਵੀਜ਼ਨ ਦੇ ਕਿਸਾਨ ਕੌਮੀ ਸ਼ਾਹ ਰਾਹ 9 ‘ਤੇ ਖੂਈਆਂ ਮਲਕਾਣਾ ਟੋਲ ਪਲਾਜ਼ਾ ‘ਤੇ 28 ਅਕਤੂਬਰ ਤੋਂ ਬੰਦ ਕਰੇ ਅਣਮਿੱਥੇ ਸਮੇਂ ਦਾ ਸੰਘਰਸ਼ ਵਿੱਢਣ ਜਾ ਰਹੇ ਹਨ, ਜਿਸ ‘ਚ 50 ਪਿੰਡਾਂ ਦੇ ਕਿਸਾਨ ਹਿੱਸਾ ਲੈਣਗੇ। ਇਸ ਬਾਰੇ ਕਿਸਾਨਾਂ ਨੇ ਪਿੰਡ ‘ਚੋਂ ਪ੍ਰਾਪਤ ਆਮ ਸਹਿਮਤੀ ਨਾਲ ਫ਼ੈਸਲਾ ਲਿਆ ਹੈ। ਸੰਘਰਸ਼ ਦੇ ਆਗਾਜ਼ ਸਮੇਂ ਵੱਡੀ ਗਿਣਤੀ ਟਰੈਕਟਰਾਂ ‘ਤੇ ਹਜ਼ਾਰਾਂ ਕਿਸਾਨ ਪੁੱਜ ਕੇ ਟੋਲ ਪਲਾਜ਼ਾ ਦਾ ਕਬਜ਼ਾ ਆਪਣੇ ਹੱਥ ‘ਚ ਲੈਣਗੇ, ਜਿਸ ਮਗਰੋਂ ਕਿਸਾਨਾਂ ਨੇ ਹਲਕੇ ਦੇ ਪਿੰਡਾਂ ‘ਚ 28 ਅਕਤੂਬਰ ਤੋਂ ਸੰਘਰਸ਼ ਦੇ ਆਗਾਜ਼ ਲਈ ਲਾਮਬੰਦੀ ਮੁਹਿੰਮ ਵਿੱਢੀ ਹੋਈ ਹੈ। ਮਿਹਨਤਕਸ਼ ਕਿਸਾਨਾਂ ਨੇ ਧੰਨਾ ਸੇਠਾਂ ਦੇ ਗ਼ੁਲਾਮ ਬਣਾਉਣ ਵਾਲੇ ਕਾਲੇ ਖੇਤੀ ਕਾਨੂੰਨਾਂ ਨੂੰ ਕਿਸੇ ਵੀ ਕੀਮਤ ‘ਤੇ ਸਵੀਕਾਰ ਨਾ ਹੋਣ ਦਾ ਐਲਾਨ ਕੀਤਾ ਹੈ। ਕਿਸਾਨ ਸੰਘਰਸ਼ ਦੇ ਕਿਸਾਨ ਆਗੂ ਗੁਰਪ੍ਰੇਮ ਸਿੰਘ ਦੇਸੂਜੋਧਾ ਨੇ ਕਿਹਾ ਕਿ ਖੇਤੀ ਕਾਨੂੰਨਾਂ ਬਾਰੇ ਕੇਂਦਰ ਸਰਕਾਰ ਨੇ ਚੁੱਪੀ ਵੱਟੀ ਹੋਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਫ਼ੈਸਲੇ ਮੁਤਾਬਕ ਖੂਈਆਂ ਮਲਕਾਣਾ ਟੋਲ ਪਲਾਜ਼ਾ ਤੋਂ ਵਾਹਨਾਂ ਨੂੰ ਬਿਨਾਂ ਟੋਲ ਫ਼ੀਸ ਦੇ ਮੁਫ਼ਤ ਲੰਘਾਇਆ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਵਲੋਂ ਖੇਤੀ ਕਾਨੂੰਨ ਵਾਪਸ ਨਾ ਲੈਣ ਤੱਕ ਕਿਸਾਨ ਸੰਘਰਸ਼ ਵੀ ਅਣਮਿੱਥੇ ਸਮੇਂ ਤੱਕ ਜਾਰੀ ਰਹੇਗਾ। ਦੂਜੇ ਪਾਸੇ ਡੱਬਵਾਲੀ ਦੇ ਡੀ. ਐਸ. ਪੀ. ਕੁਲਦੀਪ ਸਿੰਘ ਬੈਣੀਵਾਲ ਨੇ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਹੱਥ ‘ਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।