ਲੁਧਿਆਣਾ ਸ਼ਹਿਰ ਦੀਆਂ ਕਈ ਸੰਸਥਾਵਾਂ ਨੇ ਕੀਤਾ ਕਿਸਾਨੀ ਮੋਰਚੇ ਦਾ ਸਮਰਥਨ
ਭੁਪਿੰਦਰ ਸਿੰਘ ਮੱਕੜ
ਲੁਧਿਆਣਾ ,18 ਅਕਤੂਬਰ – ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਿਸਾਨੀ ਨਾਲ ਸਬੰਧਤ ਕਾਨੂੰਨਾਂ ਦੇ ਵਿਰੋਧ ਵਿੱਚ ਅੱਜ ਸ਼ਹਿਰ ਲੁਧਿਆਣਾ ਦੀਆਂ ਵੱਖ-ਵੱਖ ਸਮਾਜ-ਸੇਵੀ ਸੰਸਥਾਵਾਂ, ਧਾਰਮਿਕ ਪ੍ਰਤੀਨਿਧ ਸੰਸਥਾਵਾਂ, ਬੁੱਧੀਜੀਵੀ ਵਰਗ, ਵਪਾਰਕ ਅਦਾਰਿਆਂ ਨੇ ਸਾਂਝੇ ਤੌਰ ਤੇ ਪੰਜਾਬ ਦੀ ਕਿਸਾਨੀ ਦੇ ਹੱਕ ਵਿੱਚ ਹਾਅ ਦਾ ਨਾਹਰਾ ਮਾਰਦਿਆ ਇੱਕ ਰੋਸ ਪ੍ਰਦਰਸ਼ਨ ਕੀਤਾ।
ਜਿਸ ਵਿੱਚ ਉੱਘੇ ਪੰਜਾਬੀ ਗਾਇਕ ਕੰਵਰ ਗਰੇਵਾਲ, ਬੀਰ ਸਿੰਘ, ਅਦਾਕਾਰਾ ਪ੍ਰਭਨੂਰ ਕੌਰ, ਗੁਰਮਨ ਵਿਰਦੀ ਨੇ ਭਾਗ ਲਿਆ।
ਇਸ ਮੌਕੇ ਵਿਸ਼ਵ ਪ੍ਰਸਿੱਧ ਇਤਿਹਾਸਕਾਰ ਡਾਕਟਰ ਸੁਖਪ੍ਰੀਤ ਸਿੰਘ ਉੱਦੋਕੇ,ਸ. ਪ੍ਰਿਤਪਾਲ ਸਿੰਘ ਪ੍ਰਧਾਨ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ , ਸ. ਰਣਜੋਧ ਸਿੰਘ ਉੱਘੇ ਸਨਅਤਕਾਰ , ਨੌਜਵਾਨ ਸਿੱਖ ਆਗੂ ਸੁਖਦੇਵ ਸਿੰਘ ਫਗਵਾੜਾ, ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨ ਦੇ ਕੁਆਰਡੀਨੇਟਰ ਪਰਮਪਾਲ ਸਿੰਘ ਸਭਰਾ, ਪੰਜਾਬੀ ਚਿੰਤਕ ਲੱਖਾ ਸਿਧਾਨਾ ਨੇਂ ਵੀ ਕੇਂਦਰ ਸਰਕਾਰ ਦੀਆਂ ਪੰਜਾਬ ਦੀ ਕਿਸਾਨੀ ਮੁਕਾਉਣ ਦੇ ਤਿੰਨਾਂ ਕਾਲੇ ਕਾਨੂੰਨਾਂ ਖਿਲਾਫ਼ ਵਿਰੋਧ ਦਰਜ ਕੀਤਾ।
ਇਸ ਮੌਕੇ ਇਸਲਾਮਿਕ ਭਾਈਚਾਰੇ ਵੱਲੋਂ ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਨੇ ਕਿਹਾ ਕੀ ਇਹਨਾਂ ਕਾਲੇ ਕਾਨੂੰਨਾਂ ਨਾਲ ਜਿਥੇ ਕਿਸਾਨੀ ਦਾ ਨੁਕਸਾਨ ਹੋਵੇਗਾ ਉਥੇ ਮਜਦੂਰ, ਛੋਟਾ ਦੁਕਾਨਦਾਰ, ਸ਼ਹਿਰ ਦਾ ਗਰੀਬ ਵਰਗ ਵੀ ਇਸ ਦੀ ਲਪੇਟ ਵਿੱਚ ਆਏਗਾ।
ਉਨ੍ਹਾਂ ਕਿਹਾ ਕਿ ਪੰਜਾਬ ਦਾ ਮੁਸਲਮਾਨ ਵੀ ਕਿਸਾਨ ਦੇ ਮੋਢੇ ਨਾਲ ਮੋਢਾ ਜੋੜ ਕੇ ਇਹਨਾਂ ਮਾਰੂ ਕਾਨੂੰਨਾਂ ਦੇ ਖ਼ਿਲਾਫ਼ ਡਟੇਗਾ।
ਰੋਸ ਪ੍ਰਦਰਸ਼ਨ ਦੇ ਮੁੱਖ ਪ੍ਰਬੰਧਕ ਸਰਦਾਰ ਗੁਰਸਾਹਿਬ ਸਿੰਘ ਅਤੇ ਗੌਰਵਦੀਪ ਸਿੰਘ ਨੇ ਕਿਹਾ ਕਿ ਲੁਧਿਆਣਾ ਸ਼ਹਿਰੀਆਂ ਦਾ ਇਸ ਰੋਸ ਪ੍ਰਦਰਸ਼ਨ ਦਾ ਮਕਸਦ ਹੈ ਅਸੀਂ ਪਿੰਡਾਂ ਦੇ ਨਾਲ-ਨਾਲ ਪੰਜਾਬ ਦੀ ਸ਼ਹਿਰੀ ਜਨਤਾ ਨੂੰ ਸੁਚੇਤ ਕਰੀਏ ਕਿ ਜੇ ਕਿਸਾਨੀ ਸੰਕਟ ਵਿੱਚ ਹੋਵੇਗੀ ਤਾਂ ਪੰਜਾਬ ਵਿਚਲਾ ਸ਼ਹਿਰੀ ਵਰਗ ਵੀ ਸੁਖੀ ਨਹੀਂ ਰਹਿ ਸਕਦਾ। ਇਹਨਾਂ ਕਾਲੇ ਕਨੂੰਨਾਂ ਦੀ ਮਾਰ ਸ਼ਹਿਰ ਵਿੱਚ ਮਜਦੂਰ,ਦੁਕਾਨਦਾਰ, ਛੋਟੇ ਵਪਾਰੀ ਤੇ ਵੀ ਪਵੇਗੀ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਹੋਰ ਸ਼ਹਿਰਾਂ ਵਿੱਚ ਇਹ ਰੋਸ ਪ੍ਰਦਰਸ਼ਨ ਕੀਤੇ ਜਾਣਗੇ।