ਜੰਡਿਆਲਾ ਗੁਰੂ ਨੇੜੇ ਨੈਸ਼ਨਲ ਹਾਈਵੇ ‘ਤੇ ਪੈਂਦੇ ਨਿੱਝਰਪੁਰਾ ਟੋਲ ਪਲਾਜ਼ਾ ‘ਤੇ ਕਿਸਾਨਾਂ ਵਲੋਂ ਲਾਇਆ ਧਰਨਾ 9ਵੇਂ ਦਿਨ ਵੀ ਜਾਰੀ
ਜੰਡਿਆਲਾ ਗੁਰੂ, 17 ਅਕਤੂਬਰ (ਨਿਊਜ਼ ਪੰਜਾਬ)- ਕੇਂਦਰ ਸਰਕਾਰ ਦੇ ਹੈਂਕੜਬਾਜ਼ ਰਵੱਈਏ ਖ਼ਿਲਾਫ਼ ਅਤੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵਲੋਂ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਜੰਡਿਆਲਾ ਗੁਰੂ ਨਜ਼ਦੀਕ ਨੈਸ਼ਨਲ ਹਾਈਵੇ ‘ਤੇ ਪੈਂਦੇ ਨਿੱਝਰਪੁਰਾ ਟੋਲ ਪਲਾਜ਼ਾ ਵਿਖੇ ਲਾਇਆ ਧਰਨਾ ਅੱਜ 9ਵੇਂ ਦਿਨ ਵੀ ਨਿਰੰਤਰ ਜਾਰੀ ਹੈ। ਇਸ ਮੌਕੇ ਕਿਸਾਨਾਂ ਵਲੋਂ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਦਿਲਬਾਗ ਸਿੰਘ ਰੱਖ ਝੀਤਾ ਅਤੇ ਦਰਸ਼ਨ ਸਿੰਘ ਨਿੱਝਰਪੁਰਾ ਨੇ ਸੰਬੋਧਨ ਕਰਦਿਆ ਕਿਹਾ ਕਿ ਜਿਨ੍ਹਾਂ ਚਿਰ ਤੱਕ ਕਿਸਾਨਾਂ ਅਤੇ ਮਜ਼ਦੂਰਾਂ ਦੇ ਮਸਲਿਆਂ ਦਾ ਹੱਲ ਨਹੀਂ ਹੁੰਦਾ, ਉਨ੍ਹਾਂ ਚਿਰ ਤੱਕ ਕਿਸਾਨਾਂ ਵਲੋਂ ਸੜਕਾਂ ਤੇ ਰੇਲ ਮਾਰਗਾਂ ‘ਤੇ ਆਵਾਜਾਈ ਬੰਦ ਕਰਕੇ ਧਰਨੇ ਜਾਰੀ ਰਹਿਣਗੇ ਅਤੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।