ਮੰਗਤਿਆਂ ਤੇ ਵੀ ਪਾਬੰਦੀ ਲਾਗੂ

  • ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਖੇਤਰ ਵਿੱਚ ਨਹੀਂ ਮੰਗ ਸਕਣਗੇ ਭੀਖ    

  ਲੁਧਿਆਣਾ, 6 ਮਾਰਚ ( ਰਾਜਿੰਦਰ ਸਿੰਘ – ਨਿਊਜ਼ ਪੰਜਾਬ )  –  ਸ੍ਰੀ ਰਾਕੇਸ਼ ਅਗਰਵਾਲ ਪੁਲਿਸ ਕਮਿਸ਼ਨਰ ਲੁਧਿਆਣਾ ਨੇ ਜਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਪੁਲਿਸ ਕਮਿਸ਼ਨਰੇਟ ਦੇ ਇਲਾਕੇ ਅੰਦਰ ਭੀਖ ਮੰਗਣ ‘ਤੇ ਦੋ ਮਹੀਨੇ ਲਈ ਪਾਬੰਦੀ ਲਗਾ ਦਿੱਤੀ ਹੈ।
ਇਸ ਸੰਬੰਧੀ ਜਾਰੀ ਪਾਬੰਦੀ ਹੁਕਮਾਂ ਵਿੱਚ  ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਮੁੱਖ ਚੌਕਾਂ, ਆਮ ਰਸਤਿਆਂ, ਭੀੜ-ਭੜੱਕੇ ਵਾਲੇ ਜਨਤਕ ਥਾਵਾਂ ‘ਤੇ ਭਿਖ਼ਾਰੀ ਅਕਸਰ ਭੀਖ ਮੰਗਦੇ ਰਹਿੰਦੇ ਹਨ। ਕਈ ਵਾਰ ਉਹ ਭੀਖ ਮੰਗਣ ਦੀ ਤਾਂਘ ਵਿੱਚ ਤੇਜ਼ੀ ਨਾਲ ਭੱਜ ਕੇ ਤੇਜ਼ ਰਫ਼ਤਾਰ ਗੱਡੀਆਂ ਦੇ ਅੱਗੇ ਆ ਜਾਂਦੇ ਹਨ, ਜਿਸ ਨਾਲ ਆਮ ਜਨਤਾ ਦੇ ਜਾਨ-ਮਾਲ ਦਾ ਖ਼ਤਰਾ ਬਣ ਜਾਂਦਾ ਹੈ। ਇਸ ਤੋਂ ਇਲਾਵਾ ਕਈ ਵਾਰ ਸਮਾਜ ਵਿਰੋਧੀ ਅਨਸਰ ਇਨ੍ਹਾਂ ਭਿਖ਼ਾਰੀਆਂ ਦਾ ਫਾਇਦਾ ਉਠਾ ਕੇ ਕਿਸੇ ਅਣਸੁਖਾਵੀਂ ਘਟਨਾ ਨੂੰ ਵੀ ਅੰਜ਼ਾਮ ਦੇ ਸਕਦੇ ਹਨ। ਇਸੇ ਲਈ ਹੀ ਜਨਤਕ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਇਹ ਪਾਬੰਦੀ ਲਗਾਈ ਗਈ ਹੈ।