ਲਹਿੰਗਾ ਸ਼ੋਰੂਮ ‘ਚ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ
ਲੁਧਿਆਣਾ, 16 ਅਕਤੂਬਰ (ਨਿਊਜ਼ ਪੰਜਾਬ) : ਲੁਧਿਆਣਾ ਦੇ ਹਲਕਾ ਜਗਰਾਓਂ ਬਾਜ਼ਾਰ ਸਥਿਤ ਲਹਿੰਗਾ ਸ਼ੋਰੂਮ ਅੰਦਰ ਅਚਾਨਕ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਤੰਗ ਬਾਜ਼ਾਰ ਵਿੱਚ ਅੱਗ ਬੁਝਾਉਣ ਲਈ ਬਾਹਰੋਂ ਅੰਦਰ ਆਉਣ ਦਾ ਰਸਤਾ ਨਾ ਹੋਣ ਕਾਰਨ ਫਾਇਰ ਬਿ੍ਰਗੇਡ ਲਈ ਵੱਡੀ ਮੁਸ਼ਕਿਲ ਬਣਿਆ। ਮਿਲੀ ਜਾਣਕਾਰੀ ਅਨੁਸਾਰ ਮੇਨ ਬਜ਼ਾਰ ‘ਚ ਸਿਓ ਲਹਿੰਗਾ ਹਾਊਸ ਦੀ ਦੂਸਰੀ ਮੰਜ਼ਿਲ ‘ਤੇ ਅਚਾਨਕ ਧੂੰਆ ਨਿਕਲਦਿਆਂ ਦੇਖ ਕੇ ਲਹਿੰਗਾ ਹਾਊਸ ‘ਚ ਭਾਜੜਾਂ ਪੈ ਗਈਆਂ। ਅੱਗ ਦੂਸਰੀ ਮੰਜ਼ਿਲ ਤੋਂ ਤੀਸਰੀ ਮੰਜ਼ਿਲ ਵੱਲ ਨੂੰ ਵੱਧਣ ਲੱਗੀ। ਸੂਚਨਾ ਮਿਲਦਿਆਂ ਨਗਰ ਕੌਂਸਲ ਦੀ ਫਾਇਰ ਬਿਗ੍ਰੇਡ ਰਵਾਨਾ ਹੋਈ ਪਰ ਬਾਜ਼ਾਰ ਤੰਗ ਹੋਣ ਕਾਰਨ ਲਹਿੰਗਾ ਹਾਊਸ ਤੋਂ ਕਾਫ਼ੀ ਪਿੱਛੇ ਅਨਾਰਕਲੀ ਬਜ਼ਾਰ ਵਿਚ ਹੀ ਫਾਇਰ ਬਿਗ੍ਰੇਡ ਖੜ੍ਹੀ ਕਰਨੀ ਪਈ, ਜਿਥੋਂ ਅਮਲੇ ਨੇ ਪਾਈਪ ਰਾਹੀਂ ਲਹਿੰਗਾ ਹਾਊਸ ਤਕ ਪਾਣੀ ਪਹੁੰਚਾਇਆ। ਇਸ ਦੌਰਾਨ ਲਹਿੰਗਾ ਹਾਊਸ ‘ਚ ਅੱਗ ਨਾਲ ਫੈਲੇ ਧੂੰਏ ਨੇ ਅਮਲੇ ਨੂੰ ਅੱਗ ਬਝਾਉਣ ਵਿਚ ਵੱਡੀ ਦਿੱਕਤ ਖੜੀ ਕਰ ਦਿੱਤੀ। ਜਿਸ ‘ਤੇ ਅਮਲੇ ਨੇ ਦੂਸਰੀ ਮੰਜਿਲ ਦੇ ਰੋਸ਼ਨਦਾਨਾਂ ਨੂੰ ਤੋੜ ਕੇ ਪਾਣੀ ਦੀ ਬੁਛਾਰਾਂ ਰਾਹੀਂ ਅੱਗ ‘ਤੇ ਕਾਬੂ ਪਾਉਣ ਦੇ ਯਤਨ ਸ਼ੁਰੂ ਕੀਤੇ। ਇਸ ਦੌਰਾਨ ਲਹਿੰਗਾ ਹਾਊਸ ਦਾ ਧੂੰਆ ਅਮਲੇ ਦੇ ਇਕ ਮੁਲਾਜ਼ਮ ਨੂੰ ਚੜ੍ਹਨ ਕਾਰਨ ਉਸ ਦੀ ਹਾਲਤ ਬਿਗੜ ਗਈ। ਥਾਣਾ ਸਿਟੀ ਦੇ ਸਬ ਇੰਸਪੈਕਟਰ ਅਮਰਜੀਤ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਕੋਈ ਪਤਾ ਨਹੀਂ ਲੱਗਾ।