ਸਮਰਾਲਾ ਹਲਕੇ ਦੀ ਕਾਇਆ ਕਲਪ ਲਈ 4 ਕਰੋੜ 28 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ: ਅਮਰੀਕ ਢਿੱਲੋਂ

ਸਿਵਲ ਲਾਈਨ ‘ਚ 15 ਲੱਖ ਦੀ ਲਾਗਤ ਨਾਲ ਨਵੀਆਂ ਗਲੀਆਂ ਦਾ ਕੰਮ ਸ਼ੁਰੂ

ਸਮਰਾਲਾ, 15 ਅਕਤੂਬਰ (ਨਿਊਜ਼ ਪੰਜਾਬ) : ਸਥਾਨਕ ਕਾਂਗਰਸੀ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਸੂਬੇ ਦੇ ਸਮੂਹ ਹਲਕਿਆਂ ਦੀ ਨੁਹਾਰ ਬਦਲਣ ਲਈ ਕਰੋੜਾਂ ਰੁਪਏ ਦੀਆਂ ਗ੍ਰਾਂਟਾ ਨਾਲ ਕਰਵਾਏ ਜਾਂ ਰਹੇ ਵਿਕਾਸ ਕੰਮਾਂ ਨਾਲ ਜਿਥੇ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਦੀ ਹਾਲਤ ਸੁਧਰੀ ਹੈ, ਉਥੇ ਇਨ੍ਹਾਂ ਵਿਕਾਸ ਕਾਰਜਾਂ ਦੇ ਨੇਪਰੇ ਚੜ੍ਹਨ ਸਦਕਾ ਲੰਮੇ ਸਮੇਂ ਤੋਂ ਸੰਤਾਪ ਭੋਗ ਰਹੇ ਲੋਕਾਂ ਦੀਆਂ ਸੱਮਸਿਆਵਾਂ ਹੱਲ ਹੋਣ ‘ਤੇ ਕਾਂਗਰਸ ਸਰਕਾਰ ਦਾ ਲੋਕਾਂ ‘ਚ ਆਧਾਰ ਹੋਰ ਵੀ ਵਧਿਆ ਹੈ। ਸ਼੍ਰੀ ਢਿੱਲੋਂ ਨੇ ਕਿਹਾ ਕਿ ਸਮਰਾਲਾ ਹਲਕੇ ਦੀ ਕਾਇਆ ਕਲਪ ਲਈ 4 ਕਰੋੜ 28 ਲੱਖ ਰੁਪਏ ਵਿਕਾਸ ਕਾਰਜ਼ਾਂ ‘ਤੇ ਖਰਚੇ ਜਾ ਰਹੇ ਹਨ ਅਤੇ ਇਸ ਦੇ ਲਈ ਬਕਾਇਦਾ ਟੈਂਡਰ ਵੀ ਪਾਸ ਹੋ ਚੁੱਕੇ ਹਨ। ਉਨ੍ਹਾਂ ਅੱਜ ਇਥੇ ਸ਼ਹਿਰ ਦੇ ਸਿਵਲ ਲਾਈਨ ਇਲਾਕੇ ‘ਚ ਕਰੀਬ 15 ਲੱਖ ਰੁਪਏ ਦੀ ਲਾਗਤ ਨਾਲ ਨਵੀਂਆਂ ਉਸਾਰੀਆਂ ਜਾਣ ਵਾਲੀਆਂ ਗਲੀਆਂ-ਨਾਲੀਆਂ ਦੇ ਉਦਾਘਟਨ ਮੌਕੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਨੇ ਸ਼ਹਿਰ ਦੇ ਵਿਕਾਸ ਦਾ ਜੋ ਬੀੜਾ ਚੁੱਕਿਆ ਹੈ, ਉਸ ਨੂੰ ਨੇਪਰੇ ਚਾੜ੍ਹਨ ਲਈ ਫੰਡਾਂ ਦੀ ਕਮੀ ਨਹੀ ਰਹਿਣ ਦਿੱਤੀ ਜਾਵੇਗੀ ਅਤੇ ਸ਼ਹਿਰ ਦੇ ਵੋਟਰਾਂ ਨਾਲ ਕੀਤੇ ਇੱਕ-ਇੱਕ ਵਾਅਦੇ ਨੂੰ ਪੂਰਾ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਸਟਰੀਟ ਲਾਈਟਾਂ ਲਗਾਉਣ ਸਮੇਤ ਸੀਵਰੇਜ ਪ੍ਰੋਜੈਕਟ ਦਾ ਕੰਮ ਪੂਰੀ ਤੇਜੀ ਨਾਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਸ਼ਹਿਰ ਵਾਸੀਆਂ ਦੀ ਹਰ ਮੁਸ਼ਕਲ ਤੋਂ ਭਲੀਭਾਂਤ ਜਾਣੂ ਹਨ ਅਤੇ ਉਹ ਆਪਣਾ ਮੁੱਢਲਾ ਫਰਜ਼ ਸਮਝਦੇ ਹੋਏ ਸਾਰੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਵਾਉਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਕੌਂਸਲਰ ਸਨੀ ਦੂਆ, ਮਾਰਕੀਟ ਕਮੇਟੀ ਦੇ ਚੇਅਰਮੈਨ ਸੁਖਬੀਰ ਸਿੰਘ ਪੱਪੀ, ਮਨਜੀਤ ਸਿੰਘ, ਗੁਰਜੀਤ ਸਿੰਘ ਅਤੇ ਠੇਕੇਦਾਰ ਰਾਕੇਸ਼ ਕੁਮਾਰ ਸਮੇਤ ਮੁਹੱਲਾ ਨਿਵਾਸੀ ਵੀ ਹਾਜ਼ਰ ਸਨ।