ਜ਼ਿਲ੍ਹਾ ਮੈਜਿਸਟ੍ਰੇਟ ਨੇ ਅਨਲਾਕ-4 ਤਹਿਤ ਜਾਰੀ ਕੀਤੀਆਂ ਨਵੀਆਂ ਅੰਸ਼ਿਕ ਢਿੱਲਾਂ

ਨੌਂਵੀਂ ਤੋਂ ਬਾਰਵ੍ਹੀਂ ਜਮਾਤ ਤੱਕ ਵਿਦਿਆਰਥੀਆਂ ਦੇ ਮਾਪਿਆਂ ਦੀ ਸਹਿਮਤੀ ਨਾਲ ਖੋਲ੍ਹੇ ਜਾ ਸਕਣਗੇ ਸਕੂਲ
ਸਿਨੇਮਾ/ ਥੀਏਟਰ/ ਮਲਟੀਪਲੈਕਸ ਫ਼ਿਲਹਾਲ ਬੰਦ ਰਹਿਣਗੇ-ਸ੍ਰੀ ਸੰਦੀਪ ਹੰਸ

ਮੋਗਾ, 15 ਅਕਤੂਬਰ (ਡਾ: ਸਵਰਨਜੀਤ ਸਿੰਘ)-ਜ਼ਿਲ੍ਹਾ ਮੈਜਿਸਟ੍ਰੇਟ ਮੋਗਾ ਸ੍ਰੀ ਸੰਦੀਪ ਹੰਸ ਨੇ ਧਾਰਾ 144 ਸੀ.ਅਰ.ਪੀ.ਸੀ. ਅਤੇ ਡਿਜਾਸਟਰ ਮੈਨੇਜ਼ਮੈਂਟ ਐਕਟ 2005 ਦੀ ਧਾਰਾ 30 ਤਹਿਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਅਨਲਾਕ 4.0  ਤਹਿਤ ਜਾਰੀ ਹੋਈਆਂ ਪਹਿਲੀਆਂ ਹਦਾਇਤਾਂ ਵਿੱਚ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਹੋਰ ਅੰਸ਼ਿਕ ਢਿੱਲਾਂ ਕਰਨ ਨੂੰ ਮਨਜੂਰੀ ਦੇ ਦਿੱਤੀ ਹੈ। ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਰਾਜ ਸਰਕਾਰ ਵੱਲੋਂ ਸਕੂਲ ਅਤੇ ਕੋਚਿੰਗ ਇੰਸਟੀਚਿਊਟ 15 ਅਕਤੂਬਰ, 2020 ਤੋਂ ਕੁਝ  ਸ਼ਰਤਾਂ ਤੇ ਮੁੜ ਖੋਲ੍ਹਣ ਦਾ ਫੈਸਲਾ ਲਿਆ ਹੈ ਕਿ ਆਨ-ਲਾਈਨ/ ਡਿਸਟੈਂਸ ਸਿਖਲਾਈ ਨੂੰ ਪਹਿਲ ਦੇਣਾ ਜਾਰੀ ਰੱਖਿਆ ਜਾਵੇਗਾ ਅਤੇ ਉਤਸ਼ਾਹਿਤ ਵੀ ਕੀਤਾ ਜਾਵੇਗਾ। ਸਿਰਫ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਹਰੇਕ ਵਿਦਿਆਰਥੀ ਦੇ ਮਾਪਿਆਂ ਦੀ ਸਹਿਮਤੀ ਨਾਲ ਅਤੇ ਬਿਨਾਂ ਹਾਜ਼ਰੀ ਲਾਜ਼ਮੀ ਕੀਤੇ ਸਕੂਲ/ਸੰਸਥਾਵਾਂ ਵਿੱਚ ਹਾਜ਼ਰ ਹੋਣ ਦੀ ਆਗਿਆ ਹੋਵੇਗੀ। ਸਕੂਲ ਵਿੱਚ ਹਾਜ਼ਰੀ ਨੂੰ ਲਾਜ਼ਮੀ ਨਹੀਂ ਕੀਤਾ ਜਾਵੇਗਾ ਅਤੇ ਇਹ ਪੂਰੀ ਤਰ੍ਹਾ ਮਾਪਿਆਂ ਦੀ ਸਹਿਮਤੀ ਤੇ ਨਿਰਭਰ ਰਹੇਗੀ। 15 ਅਕਤੂਬਰ 2020 ਤੋਂ ਬਾਅਦ ਜਿਹੜੇ ਸਕੂਲਾਂ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ, ਪੰਜਾਬ ਸਰਕਾਰ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਸਲਾਹ ਮਸ਼ਵਰੇ ਨਾਲ ਪੰਜਾਬ ਸਰਕਾਰ, ਸਕੂਲ ਸਿੱਖਿਆ ਵਿਭਾਗ ਦੁਆਰਾ ਜਾਰੀ ਕੀਤੀ ਜਾ ਰਹੀ ਐਸ.ਓ.ਪੀ. (SOP) ਦੀ ਪਾਲਣਾ ਕਰਨੀ ਯਕੀਨੀ ਬਨਾਉਣਗੇ। ਉਨ੍ਹਾਂ ਕਿਹਾ ਕਿ ਮਿਸ਼ਨ ਫਤਹਿ ਤਹਿਤ ਕਰੋਨਾ ਵਿਰੁੱਧ ਛੇੜੀ ਗਈ ਲੜਾਈ ਪੰਜਾਬ ਸਰਕਾਰ ਆਮ ਲੋਕਾਂ ਦੇ ਸਹਿਯੋਗ ਸਦਕਾ ਲੜ ਰਹੀ ਹੈ ਜਿਸਤੇ ਜਲਦੀ ਹੀ ਜਿੱਤ ਹਾਸਲ ਹੋਣ ਦੀ ਸੰਭਾਵਨਾ ਹੈ।  ਉੱਚ ਵਿਦਿਅਕ ਸੰਸਥਾਵਾਂ ਨੂੰ ਕੇਵਲ ਰਿਸਰਚ ਸ਼ਕੋਲਰ (ਪੀ.ਐਚ.ਡੀ.) ਅਤੇ ਸਾਇੰਸ ਟੈਕਨਾਲੋਜੀ ਸਟਰੀਮ ਵਿੱਚ ਪੋਸਟ-ਗਰੇਜੂਏਸ਼ਨ ਕਰ ਰਹੇ ਵਿਦਿਆਰਥੀਆਂ ਲਈ, ਜਿੰਨਾਂ ਵਿੱਚ ਲਬਾਰਟਰੀ/ਪ੍ਰਯੋਗਸ਼ਾਲਾਵਾਂ ਦੀ ਜਰੂਰਤ ਹੈ, ਨੂੰ 15 ਅਕਤੂਬਰ, 2020 ਤੋਂ ਖੋਲ੍ਹਣ ਦੀ ਆਗਿਆ ਹੋਵੇਗੀ। ਇਸ ਅਧੀਨ ਕੇਂਦਰੀ ਫੰਡ ਤੇ ਨਿਰਭਰ ਉੱਚ ਸਿੱਖਿਆ ਸੰਸਥਾਵਾਂ ਦੇ ਮੁੱਖੀ ਆਪਣੇ ਪੱਧਰ ਤੇ ਇਹ ਫੈਸਲਾ ਲੈਣਗੇ ਕਿ ਵਿਗਿਆਨ ਅਤੇ ਟੈਕਨਾਲੋਜੀ ਦੀਆਂ ਪ੍ਰਯੋਗਸ਼ਾਲਾਵਾਂ/ਪ੍ਰਯੋਗਾਤਮਕ ਕਾਰਜਾਂ ਦੀ ਖੋਜ ਦੇ ਵਿਦਵਾਨਾਂ (ਪੀ.ਐੱਚ.ਡੀ) ਅਤੇ ਪੋਸਟ-ਗ੍ਰੈਜੂਏਸ਼ਨ ਦੇ ਵਿਦਿਆਰਥੀਆਂ ਲਈ ਉਕਤ ਸੰਸਥਾਂ ਨੂੰ ਖੋਲ੍ਹਣ ਦੀ ਜਰੂਰਤ ਹੈ ਜਾਂ ਨਹੀਂ। ਹੋਰ ਸਾਰੀਆਂ ਉੱਚ ਸਿੱਖਿਆ ਸੰਸਥਾਵਾਂ ਜਿਵੇਂ ਕਿ ਰਾਜ ਦੀਆਂ ਯੂਨੀਵਰਸਿਟੀਆਂ, ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਕੇਵਲ ਰਿਸਰਚ ਸ਼ਕੋਲਰ (ਪੀ.ਐਚ.ਡੀ.) ਅਤੇ ਸਾਇੰਸ ਟੈਕਨਾਲੋਜੀ ਸਟਰੀਮ ਵਿੱਚ ਪੋਸਟ-ਗਰੇਜੂਏਸ਼ਨ ਆਦਿ ਕਰ ਰਹੇ ਵਿਦਿਆਰਥੀਆਂ ਜਿੰਨਾਂ ਵਿੱਚ ਲਬਾਰਟਰੀ/ਪ੍ਰਯੋਗਸ਼ਾਲਾਵਾਂ ਦੀ ਜਰੂਰਤ ਹੈ, ਨੂੰ 15 ਅਕਤੂਬਰ, 2020 ਤੋਂ ਬਾਅਦ ਖੋਲ੍ਹਣ ਦੀ ਆਗਿਆ ਹੈ। ਇਸ ਤੋਂ ਇਲਾਵਾ ਖਿਡਾਰੀਆਂ ਲਈ ਵਰਤੇ ਜਾਣ ਵਾਲੇ ਸਵਿਮਿੰਗ ਪੂਲਜ਼ ਨੂੰ ਭਾਰਤ ਸਰਕਾਰ, ਯੁਵਾ ਮਾਮਲੇ ਅਤੇ ਖੇਡ ਮੰਤਰਾਲੇ (ਐਮ.ਓ.ਸੀ.) ਵੱਲੋਂ ਜਾਰੀ ਕੀਤੀ ਗਈ ਐਸ.ਓ.ਪੀ. ਅਨੁਸਾਰ 15 ਅਕਤੂਬਰ, 2020 ਤੋਂ ਬਾਅਦ ਖੋਲ੍ਹਣ ਦੀ ਆਗਿਆ ਹੋਵੇਗੀ। ਬਿਜ਼ਨਸ ਟੂ ਬਿਜ਼ਨਸ ਪ੍ਰਦਰਸ਼ਨੀਆਂ ਨੂੰ ਭਾਰਤ ਸਰਕਾਰ, ਵਣਜ ਮੰਤਰਾਲੇ ਦੁਆਰਾ ਜਾਰੀ ਕੀਤੀ ਐਸ.ਓ.ਪੀ. ਅਨੁਸਾਰ ਖੋਲ੍ਹਣ ਦੀ ਆਗਿਆ ਹੋਵੇਗੀ। ਸਮਾਜਿਕ /ਅਕਾਦਮਿਕ/ਖੇਡਾਂ/ਮਨੋਰੰਜਨ/ਸਭਿਆਚਾਰਕ/ਧਾਰਮਿਕ/ਰਾਜਨੀਤਿਕ ਕਾਰਜਾਂ/ਸਮਾਗਮਾਂ ਜਿਨ੍ਹਾਂ ਵਿੱਚ ਵਿਆਹ ਅਤੇ ਸੰਸਕਾਰ ਅਤੇ ਹੋਰ ਪ੍ਰੋਗਰਾਮ ਸ਼ਾਮਲ ਹਨ, ਨੂੰ ਕੰਟੇਨਮੈਂਟ ਜ਼ੋਨਾਂ ਤੋਂ ਬਾਹਰ 100 ਵਿਅਕਤੀਆਂ ਦੇ ਇਕੱਠ ਦੀ ਪਹਿਲਾਂ ਹੀ ਆਗਿਆ ਦਿੱਤੀ ਗਈ ਹੈ।ਕੰਟੇਨਮੈਂਟ ਜ਼ੋਨਾਂ ਤੋਂ ਬਾਹਰ 100 ਵਿਅਕਤੀਆਂ ਦੀ ਗਿਣਤੀ ਤੋਂ ਜਿਆਦਾ ਇਕੱਠ ਕਰਨ ਦੀ ਇਜਾਜ਼ਤ 15 ਅਕਤੂਬਰ 2020 ਤੋਂ ਬਾਅਦ ਕੁਝ ਸ਼ਰਤਾਂ ਤੇ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਬੰਦ ਥਾਵਾਂ ਵਾਲੇ ਹਾਲ ਵਿੱਚ ਹਾਲ ਦੀ ਸਮਰੱਥਾ ਦੇ 50% ਤੱਕ (ਵੱਧ ਤੋਂ ਵੱਧ 200 ਵਿਅਕਤੀਆਂ ਤੱਕ) ਵਿਅਕਤੀਆਂ ਦਾ ਇਕੱਠ ਕਰਨ ਦੀ ਆਗਿਆ ਹੋਵੇਗੀ।ਫੇਸ ਮਾਸਕ ਪਹਿਨਣਾ, ਸਮਾਜਕ ਦੂਰੀ ਬਣਾਈ ਰੱਖਣਾ, ਥਰਮਲ ਸਕੈਨਿੰਗ ਦਾ ਪ੍ਰਬੰਧ ਕਰਨਾ ਅਤੇ ਹੈਂਡ ਵਾਸ਼ ਜਾਂ ਸੈਨੀਟਾਈਜ਼ਰ ਦੀ ਵਰਤੋਂ ਕਰਨਾ ਲਾਜ਼ਮੀ ਹੋਵੇਗਾ। ਖੁੱਲ੍ਹੀਆਂ ਥਾਵਾਂ ਤੇ ਜ਼ਮੀਨ/ਜਗ੍ਹਾ ਦੇ ਆਕਾਰ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹਾ ਮੈਜਿਸਟਰੇਟ ਤੋਂ ਇਜ਼ਾਜਤ ਲੈਣ ਉਪਰੰਤ ਇਕੱਠ ਵਿੱਚ ਸਮਾਜਿਕ ਦੂਰੀਆ ਦੀ ਸਖਤੀ ਨਾਲ ਪਾਲਣਾ, ਚਿਹਰੇ ਤੇ ਮਾਸਕ ਪਾਉਣਾ, ਥਰਮਲ ਸਕੈਨਿੰਗ ਦੀ ਵਿਵਸਥਾ ਅਤੇ ਹੈਂਡ ਵਾਸ਼ ਜਾਂ ਸੈਨੀਟਾਈਜ਼ਰ ਦੀ ਵਰਤੋਂ ਕਰਨਾ ਲਾਜ਼ਮੀ ਹੋਵੇਗਾ। ਕੇਵਲ ਮੰਨੋਰੰਜਨ ਲਈ ਕੀਤੇ ਇਕੱਠ ਵਿੱਚ 100 ਤੋਂ ਵੱਧ ਵਿਅਕਤੀਆਂ ਦੀ ਆਗਿਆ ਨਹੀਂ ਹੋਵੇਗੀ। ਜ਼ਿਲ੍ਹਾ ਮੈਜਿਸਟ੍ਰੇਟ ਨੇ ਅੱਗੇ ਦੱਸਿਆ ਕਿ ਰਾਜ ਸਰਕਾਰ ਨੇ ਕੋਵਿਡ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ 15 ਅਕਤੂਬਰ, 2020 ਤੋਂ ਬਾਅਦ ਸਿਨੇਮਾ/ ਥੀਏਟਰਾਂ/ ਮਲਟੀਪਲੈਕਸਾਂ ਨੂੰ ਖੋਲ੍ਹਣ ਦੀ ਆਗਿਆ ਨਹੀਂ ਦਿੱਤੀ ਹੈ।ਇਨ੍ਹਾਂ ਨੂੰ ਮੁੜ ਖੋਲ੍ਹਣ ਦਾ ਫੈਸਲਾ ਸਰਕਾਰ ਵੱਲੋਂ ਬਾਅਦ ਵਿੱਚ ਲਿਆ ਜਾਵੇਗਾ। ਉਪਰੋਕਤ ਹੁਕਮਾਂ ਦੀ ਪਾਲਣਾ ਨਾ ਕਰਨ ਵਾਲੇ ਵਿਅਕਤੀਆਂ/ਅਦਾਰਿਆਂ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।