ਪੰਜਾਬ ਅਚੀਵਮੈਂਟ ਸਰਵੇ ਦੇ ਪਹਿਲੇ ਪੜਾਅ ਦੀਆਂ ਕਮੀਆਂ ਦੂਰ ਕਰਨ ਲਈ ਹਫ਼ਤਾਵਾਰੀ ਕੁਇਜ਼ 18 ਤੋਂ

ਚੰਡੀਗੜ੍ਹ, 15 ਅਕਤੂਬਰ (ਨਿਊਜ਼ ਪੰਜਾਬ) : ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਏ ਗਏ ਪੰਜਾਬ ਅਚੀਵਮੈਂਟ ਸਰਵੇ (ਪੀ.ਏ.ਐਸ.) ਦੇ ਪਹਿਲੇ ਪੜਾਅ ਦੌਰਾਨ ਸਾਹਮਣੇ ਆਏ ਨਤੀਜਿਆਂ ਦੇ ਆਧਾਰ ‘ਤੇ ਹੁਣ ਵਿਭਾਗ ਨੇ ਹਫ਼ਤਾਵਾਰੀ ਕੁਵਿਜ਼ ਸ਼ੁਰੂ ਕਰਨ ਦੀ ਰੂਪ ਰੇਖਾ ਤਿਆਰ ਕੀਤੀ ਹੈ ਤਾ ਜੋ ਸਾਹਮਣੇ ਆਈਆਂ ਕਮੀਆ ਨੂੰ ਦੂਰ ਕੀਤਾ ਜਾ ਸਕੇ। ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਅਚੀਵਮੈਂਟ ਸਰਵੇ ਐਸ. ਦੇ ਰਾਹੀਂ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਵਿਦਿਆਰਥੀਆਂ ਦੇ ਸਿੱਖਣ ਦੇ ਨਤੀਜਿਆਂ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਬੁਲਾਰੇ ਅਨੁਸਾਰ ਛੇਵੀਂ ਤੋਂ ਦਸਵੀਂ ਤੱਕ ਦੇ ਵਿਦਿਆਰਥੀਆਂ ਦੇ 21 ਸਤੰਬਰ ਤੋਂ 3 ਅਕਤੂਬਰ ਤੱਕ ਕੀਤੇ ਗਏ ਸਰਵੇ ਦੌਰਾਨ ਕਈ ਕਮੀਆਂ ਸਾਹਮਣੇ ਆਈਆਂ ਹਨ। ਇਸ ਕਰਕੇ ਇਨ੍ਹਾਂ ਨੂੰ ਘਾਟਾਂ ਨੂੰ ਦੂਰ ਕਰਨ ਲਈ 18 ਅਕਤੂਬਰ ਤੋਂ ਲੈ ਕੇ 8 ਨਵੰਬਰ ਤੱਕ ਹਰ ਐਤਵਾਰ ਕਵਿਜ਼ ਕਰਵਾਉਣ ਦਾ ਫੈਸਲਾ ਕੀਤਾ ਹੈ। ਇਹ ਕਵਿਜ਼ ਹਫ਼ਤਾਵਾਰੀ ਟੈਸਟ ਦੇ ਰੂਪ ਵਿੱਚ ਹੋਵੇਗਾ। ਇਸ ਵਿੱਚ ਪੰਜਾਬੀ, ਹਿੰਦੀ, ਅੰਗਰੇਜ਼ੀ, ਸਮਾਜਿਕ, ਗਣਿਤ ਅਤੇ ਸਾਇੰਸ ਦੇ ਵਿਸ਼ਿਆਂ ਦੇ ਆਧਾਰ ‘ਤੇ ਕੁੱਲ 30 ਸਵਾਲ ਪੁਛੇ ਜਾਇਆ ਕਰਨਗੇ। ਸਤੰਬਰ ਵਿੱਚ ਕਰਵਾਏ ਗਏ ਸਰਵੇਖਣ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਸਾਹਮਣੇ ਆਏ ਸਭ ਤੋਂ ਕਮਜ਼ੋਰ ਪੱਖਾਂ ‘ਤੇ ਆਧਾਰਤ ਕਵਿਜ਼ ਦੌਰਾਨ ਪ੍ਰਸ਼ਨ ਹੋਣਗੇ।