21 ਸਾਲਾ ਨੌਜਵਾਨ ਨੂੰ ਤੇਜ਼ ਰਫ਼ਤਾਰ ਟਰੱਕ ਨੇ ਦਰੜਿਆ

ਛੇਹਰਟਾ, 13 ਅਕਤੂਬਰ (ਨਿਊਜ਼ ਪੰਜਾਬ) – ਅੱਜ 3 ਵਜੇ ਦੇ ਕਰੀਬ ਜ਼ਿਲ੍ਹਾ ਅੰਮ੍ਰਿਤਸਰ ਦੇ ਖੰਡਵਾਲਾ ਸਥਿਤ ਡੇਅਰੀ ਦੇ ਸਾਹਮਣੇ ਛੇਹਰਟਾ ਵਾਲੀ ਸਾਈਡ ਤੋਂ ਆ ਰਹੇ ਇਕ ਤੇਜ਼ ਰਫ਼ਤਾਰ ਟਰੱਕ ਵੱਲੋਂ 21 ਸਾਲਾ ਨੌਜਵਾਨ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ ਗਿਆ। ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਟਰੱਕ ਚਾਲਕ ਸਮੇਤ ਟਰੱਕ ਮੌਕੇ ਤੋਂ ਫ਼ਰਾਰ ਹੋ ਗਿਆ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੀ ਪਹਿਚਾਣ ਪ੍ਰਭਜੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਧਰਮਕੋਟ ਝਬਾਲ ਵਜੋਂ ਹੋਈ ਹੈ। ਜੋ ਕਿ ਸਵਿਗੀ ਕੰਪਨੀ ‘ਚ ਬਤੌਰ ਡਲਿਵਰੀ ਮੈਨ ਵਜੋਂ ਕੰਮ ਕਰਦਾ ਸੀ ਅਤੇ ਉਹ ਆਪਣੇ ਸਪਲੈਂਡਰ ਮੋਟਰਸਾਈਕਲ ‘ਤੇ ਸਵਾਰ ਹੋ ਕੇ ਛੇਹਰਟਾ ਤੋਂ ਖੰਡਵਾਲਾ ਸਥਿਤ ਢਾਬੇ ਨੂੰ ਜਾ ਰਿਹਾ ਸੀ ਕਿ ਪਿੱਛੋਂ ਆਉਂਦੇ ਹੋਏ ਇਕ ਤੇਜ਼ ਰਫ਼ਤਾਰ ਟਰੱਕ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ ।