ਰਿਲਾਇੰਸ ਪੈਟਰੋਲ ਪੰਪ ਦਾ ਘਿਰਾਓ ਕਰ ਕੇ 5ਵੇਂ ਦਿਨ ਵੀ ਲਗਾਇਆ ਪੱਕਾ ਮੋਰਚਾ

ਅਜਨਾਲਾ, 13 ਅਕਤੂਬਰ (ਨਿਊਜ਼ ਪੰਜਾਬ) – ਜ਼ਿਲ੍ਹਾ ਅੰਮ੍ਰਿਤਸਰ ਦੇ ਅਜਨਾਲਾ ਦੇ ਬਾਹਰੀ ਹਿੱਸੇ ਅੱਡਾ ਮਹਿਰ ਬੁਖ਼ਾਰੀ ਨੇੜੇ ਰਿਲਾਇੰਸ ਪੈਟਰੋਲ ਪੰਪ ਰੋਖੇ ਦਾ ਘਿਰਾਓ ਕਰ ਕੇ ਪਿਛਲੇ 5 ਦਿਨਾਂ ਤੋਂ ਪੱਕਾ ਮੋਰਚਾ ਲਗਾ ਕੇ ਬੈਠੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ: ਸਤਨਾਮ ਸਿੰਘ ਅਜਨਾਲਾ ਦੀ ਸਰਪ੍ਰਸਤੀ ਹੇਠ ਕਿਸਾਨਾਂ ਮਜ਼ਦੂਰਾਂ ਨੇ ਮੋਦੀ ਸਰਕਾਰ ਵੱਲੋਂ ਜਾਰੀ 3 ਖੇਤੀ ਕਾਲੇ ਕਾਨੂੰਨਾਂ ਤੇ ਬਿਜਲੀ ਸੋਧ ਬਿੱਲ 2020 ਵਿਰੁੱਧ ਕਿਸਾਨਾਂ ਮਜ਼ਦੂਰਾਂ, ਛੋਟੇ ਕਾਰੋਬਾਰੀਆਂ ਨੂੰ ਤਿੱਖੇ ਸੰਘਰਸ਼ਾਂ ਲਈ ਲਾਮਬੰਦ ਕਰਨ ਲਈ ਇੱਥੋਂ ਦੇ ਬਾਜ਼ਾਰਾਂ ‘ਚ ‘ਖੁਦਕੁਸ਼ੀਆਂ ਨੂੰ ਨਾਂਹ – ਸੰਘਰਸ਼ਾਂ ਨੂੰ ਹਾਂ’ ਨਾਅਰੇ ਦਾ ਹੋਕਾ ਦੇਣ ਹਿੱਤ ਰੋਸ ਮਾਰਚ ਤੇ ਮੁਜ਼ਾਹਰਾ ਕੀਤਾ। ਮੁਜ਼ਾਹਰਾਕਾਰੀਆਂ ਨੇ ਆਪਣੇ ਹੱਥਾਂ ‘ਚ ਫਾਂਸੀ ਦੇ ਫੰਦੇ ਦਾ ਪ੍ਰਤੀਕ ਰੱਸੇ ਅਤੇ ‘ਖੁਦਕੁਸ਼ੀਆਂ ਨੂੰ ਨਾਂਹ – ਸੰਘਰਸ਼ਾਂ ਨੂੰ ਹਾਂ’ ਲਿਖੇ ਨਾਅਰੇ ਵਾਲੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ। ਆਗੂਆਂ ਨੇ ਸੰਬੋਧਨ ਕਰਦਿਆਂ ਸਪੱਸ਼ਟ ਕੀਤਾ ਕਿ ਕਿਸਾਨਾਂ ਮਜ਼ਦੂਰਾਂ , ਛੋਟੇ ਕਾਰੋਬਾਰੀਆਂ, ਆੜ੍ਹਤੀਆਂ ਦੀ ਆਰਥਿਕ ਬਰਬਾਦੀ ਦੀ ਮੰਦਭਾਗੀ ਕਹਾਣੀ ਲਿਖਣ ਵਾਲੇ 3 ਖੇਤੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਤੱਕ 29 ਕਿਸਾਨ ਜਥੇਬੰਦੀਆਂ ਦਾ ਸਾਂਝਾ ਸੰਘਰਸ਼ ਜਾਰੀ ਰਹੇਗਾ।