ਰਾਸ਼ਟਰੀ ਪ੍ਰਤਿਭਾ ਖੋਜ ਮੁਕਾਬਲਿਆਂ ਲਈ ਸਿੱਖਿਆ ਵਿਭਾਗ ਵੱਲੋਂ ਵਿਆਪਕ ਤਿਆਰੀਆਂ ਆਰੰਭ

ਜ਼ਿਲ੍ਹਾ ਪੱਧਰ ‘ਤੇ ਗਠਿਤ ਕੀਤੀਆਂ ਵਿਸ਼ੇਸ਼ ਟੀਮਾਂ
ਵਿਭਾਗ ਪ੍ਰਦਾਨ ਕਰੇਗਾ ਵਿਦਿਆਰਥੀਆਂ ਨੂੰ ਮਿਆਰੀ ਵਿਦਿਅਕ ਸਮੱਗਰੀ
ਪਟਿਆਲਾ 13 ਅਕਤੂਬਰ (ਨਿਊਜ਼ ਪੰਜਾਬ)-13 ਦਸੰਬਰ ਨੂੰ ਹੋਣ ਵਾਲੀ ਰਾਸ਼ਟਰੀ ਪ੍ਰਤਿਭਾ ਖੋਜ ਪ੍ਰੀਖਿਆ ਦਾ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਫਾਇਦਾ ਪਹੁੰਚਾਉਣ ਲਈ ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਸਰਪ੍ਰਸਤੀ ਵਿੱਚ ਵਿਸ਼ੇਸ਼ ਯੋਜਨਾਬੰਦੀ ਤਿਆਰ ਕਰ ਲਈ ਹੈ। ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ਵਿੱਚ ਵਿਦਿਆਰਥੀਆਂ ਨੂੰ ਉਕਤ ਪ੍ਰੀਖਿਆ ਦੀ ਤਿਆਰੀ ਕਰਵਾਉਣ ਲਈ ਵਿਭਾਗ ਦੇ ਅਧਿਕਾਰੀਆਂ, ਸਕੂਲ ਮੁਖੀਆਂ ਅਤੇ ਅਧਿਆਪਕਾਂ ‘ਤੇ ਅਧਾਰਤ ਟੀਮਾਂ ਦਾ ਗਠਨ ਕੀਤਾ ਗਿਆ ਹੈ, ਤਾਂ ਜੋ ਵਿਦਿਆਰਥੀਆਂ ਤੇ ਮਾਪਿਆਂ ਨੂੰ ਪ੍ਰੀਖਿਆ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਪ੍ਰੇਰਿਤ ਕੀਤਾ ਜਾ ਸਕੇ। ਸਿੱਖਿਆ ਵਿਭਾਗ ਵੱਲੋਂ ਪ੍ਰੀਖਿਆ ਦੀ ਤਿਆਰੀ ਦਾ ਸੁਚਾਰੂ ਸੰਚਾਲਨ ਤੇ ਨਿਗਰਾਨੀ ਲਈ ਪਟਿਆਲਾ ਜ਼ਿਲ੍ਹੇ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਹਰਿੰਦਰ ਕੌਰ ਨੂੰ ਜ਼ਿਲ੍ਹਾ ਪ੍ਰੋਜੈਕਟ ਡਾਇਰੈਕਟਰ (ਐੱਨ.ਟੀ.ਐੱਸ.ਈ.) ਨਿਯੁਕਤ ਕੀਤਾ ਗਿਆ ਹੈ। ਸ੍ਰੀਮਤੀ ਹਰਿੰਦਰ ਕੌਰ ਨੇ ਦੱਸਿਆ ਕਿ ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸੁਖਵਿੰਦਰ ਖੋਸਲਾ ਨੂੰ ਜ਼ਿਲ੍ਹਾ ਪ੍ਰੋਜੈਕਟ ਕੋਆਰਡੀਨੇਟਰ (ਐੱਨ.ਟੀ.ਐੱਸ.ਈ.) ਨਿਯੁਕਤ ਕੀਤਾ ਗਿਆ ਹੈ। ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਜ਼ਿਲ੍ਹਾ ਮੈਂਟਰ ਨੂੰ ਜ਼ਿਲ੍ਹਾ ਪ੍ਰੋਜੈਕਟ ਮੈਂਟਰ (ਐੱਨ.ਟੀ.ਐੱਸ.ਈ.) ਅਤੇ ਬਲਾਕ ਮੈਂਟਰ ਨੂੰ ਬਲਾਕ ਪ੍ਰੋਜੈਕਟ ਮੈਂਟਰ (ਐੱਨ.ਟੀ.ਐੱਸ.ਈ.) ਅਤੇ ਸਕੂਲ ਮੁਖੀ ਨੂੰ ਸਕੂਲ ਪ੍ਰੋਜੈਕਟ ਕੋਆਰਡੀਨੇਟਰ (ਐੱਨ.ਟੀ.ਐੱਸ.ਈ.) ਨਿਯੁਕਤ ਕੀਤਾ ਗਿਆ ਹੈ।
ਡੀ.ਈ.ਓ. ਹਰਿੰਦਰ ਕੌਰ ਨੇ ਦੱਸਿਆ ਹੈ ਕਿ ਉਪਰੋਕਤ ਅਹੁਦਿਆਂ ‘ਤੇ ਨਿਯੁਕਤ ਅਧਿਕਾਰੀ/ਕਰਮਚਾਰੀ ਸਕੂਲਾਂ ਚੋਂ ਪ੍ਰੀਖਿਆ ਲਈ ਦਾਅਵੇਦਾਰ ਵਿਦਿਆਰਥੀਆਂ ਦੀ ਪਛਾਣ ਕਰਣਗੇ ਨਾਲ ਹੀ ਜ਼ਿਲ੍ਹੇ ਦੇ ਰਿਸੋਰਸ ਪਰਸਨਜ਼ ਵੀ ਡਿਊਟੀ ਰਾਸ਼ਟਰੀ ਪ੍ਰਤਿਭਾ ਖੋਜ ਪ੍ਰੀਖਿਆ ਦੀ ਤਿਆਰੀ ਲਈ ਵਿਦਿਆਰਥੀਆਂ ਨੂੰ ਕੋਚਿੰਗ ਦੇਣ ਦਾ ਕੰਮ ਕਰਨਗੇ। ਇਸ ਸਬੰਧੀ ਉਹ (ਡੀ.ਈ.ਓ.) ਜ਼ਿਲ੍ਹਾ, ਬਲਾਕ, ਸਕੂਲ ਪੱਧਰ ‘ਤੇ ਅਧਿਆਪਕਾਂ ਨਾਲ ਮੀਟਿੰਗਾਂ ਵੀ ਕਰਨਗੇ। ਉਨ੍ਹਾਂ ਦੱਸਿਆ ਕਿ ਕੋਚਿੰਗ ਸਬੰਧੀ ਸਮੱਗਰੀ ਤਿਆਰ ਕਰਨ ਲਈ ਮੁੱਖ ਦਫਤਰ ਵੱਲੋਂ ਬਣਾਈ ਗਈ 12 ਅਧਿਆਪਕਾਂ (ਮਾਹਿਰਾਂ) ਦੀ ਕੋਰ ਕਮੇਟੀ ਐੱਨਟੀਐੱਸਈ ਪ੍ਰੀਖਿਆ ਦੀ ਤਿਆਰੀ ਲਈ ਨਿਰਧਾਰਿਤ ਰੂਪਰੇਖਾ ਅਨੁਸਾਰ ਸਮੱਗਰੀ ਤਿਆਰ ਕਰਵਾ ਕੇ ਪੰਜਾਬ ਐਜੂਕੇਅਰ ਐਪ’ਤੇ ਅਪਲੋਡ ਕਰਵਾਉਣਗੇ।ਜਿਸ ਦਾ ਵਿਦਿਆਰਥੀ ਫਾਇਦਾ ਉਠਾ ਸਕਦੇ ਹਨ।   ਦੱਸਣਯੋਗ ਹੈ ਕਿ ਇਸ ਪ੍ਰੋਜੈਕਟ ਦੀ ਉਚਿਤ ਨਿਗਰਾਨੀ ਤੇ ਨਿਰੀਖਣ ਲਈ 15 ਦਿਨਾਂ ਬਆਦ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.) ਆਪਣੀ ਟੀਮ ਨਾਲ ਰਿਵਿਊ ਮੀਟਿੰਗ ਕਰਨਗੇ ਅਤੇ ਪ੍ਰਕਿਰਿਆ ਸਬੰਧੀ ਵਿਭਾਗ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਅਤੇ ਵਿਦਿਆਰਥੀਆਂ ਨੂੰ ਉਤਸ਼ਹਿਤ ਕਰਨ ਲਈ ਪ੍ਰਚਾਰ ਪ੍ਰਸਾਰ ਵੀ ਕਰਨਗੇ। ਜਿਹੜੇ ਵਿਦਿਆਰਥੀ ਇਸ ਮੁਕਾਬਲੇ ਵਿੱਚ ਸਫ਼ਲ ਹੋਣਗੇ ਉਹਨਾਂ ਦੇ ਮਾਪਿਆਂ ਨੂੰ ਵਜੀਫੇ ਸਬੰਧੀ ਜਿਲ੍ਹੇ ਦੇ ਅਧਿਕਾਰੀ ਅਤੇ ਕਰਮਚਾਰੀ ਸਮੇਂ-ਸਮੇਂ ‘ਤੇ ਜਾਣੂੰ ਕਰਵਾਉਣਗੇ। ਇਸ ਦੇ ਨਾਲ ਹੀ ਐੱਸ.ਸੀ.ਈ.ਆਰ.ਟੀ. ਪੰਜਾਬ ਨੇ ਪੱਤਰ ਜਾਰੀ ਕਰਕੇ ਸਪੱਸ਼ਟ ਕੀਤਾ ਹੈ ਕਿ ਪ੍ਰੀਖਿਆ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਨੂੰ ਲੈ ਕੇ ਕਰਨ ਦੀ ਕੋਈ ਵੀ ਸੀਮਾ ਨਹੀਂ ਹੈ। ਇਸ ਵਿੱਚ ਰਾਜ ਦੇ ਹਰੇਕ ਸਰਕਾਰੀ, ਅਰਧ ਸਰਕਾਰੀ, ਪ੍ਰਾਈਵੇਟ, ਐਸੋਸੀਏਟ ਸਕੂਲਾਂ ਦੀ ਦਸਵੀਂ ਜਮਾਤ ਵਿੱਚ ਪੜ੍ਹਦੇ ਵੱਧ ਤੋਂ ਵੱਧ ਵਿਦਿਆਰਥੀ ਭਾਗ ਲੈ ਸਕਦੇ ਹਨ।