ਬਾਲ ਸੁਧਾਰ ਘਰ ਤੋਂ 17 ਬਾਲ ਕੈਦੀ ਫਰਾਰ ਹੋਏ – ਭੱਜਣ ਤੋਂ ਪਹਿਲਾਂ ਕੀਤਾ ਹਮਲਾ
ਨਿਊਜ਼ ਪੰਜਾਬ
ਹਿੱਸਾਰ , 13 ਅਕਤੂਬਰ – ਸੋਮਵਾਰ ਦੇਰ ਸ਼ਾਮ ਨੂੰ ਹਿਸਾਰ, ਹਰਿਆਣਾ ਦੇ ਬਰਵਾਲਾ ਰੋਡ ‘ਤੇ ਬਾਲ ਸੁਧਾਰ ਘਰ ਤੋਂ 17 ਬਾਲ ਕੈਦੀ ਫਰਾਰ ਹੋ ਗਏ। ਉਨ੍ਹਾਂ ਫਰਾਰ ਹੋਣ ਤੋਂ ਪਹਿਲਾਂ ਵਰਡਰਾਂ ਤੇ ਹਮਲਾ ਕੀਤਾ , ਇਸ ਹਮਲੇ ਵਿੱਚ ਮੌਕੇ ‘ਤੇ ਮੌਜੂਦ ਤਿੰਨ ਵਾਰਡਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਬਾਲ ਕੈਦੀਆਂ ਦੇ ਫਰਾਰ ਹੋਣ ਤੋਂ ਬਾਅਦ ਪੁਲਿਸ ਨੇ ਜ਼ਿਲੇ ਤੋਂ ਇਲਾਵਾ ਨਾਲ ਲੱਗਦੇ ਹੋਰਨਾਂ ਜ਼ਿਲ੍ਹਿਆਂ ਦੀ ਪੁਲਿਸ ਨੂੰ ਵਾਇਰਲੈੱਸ ਰਾਹੀਂ ਅਲਰਟ ਕੀਤਾ ਹੈ ।
ਖ਼ਬਰ ਲਿਖੇ ਜਾਣ ਤੱਕ ਪੁਲਿਸ ਬਚੇ ਬਾਲ ਕੈਦੀਆਂ ਵਿਚੋਂ ਕਿਸੇ ਨੂੰ ਵੀ ਨਹੀਂ ਫੜ ਸਕੀ। ਘਟਨਾ ਤੋਂ ਬਾਅਦ ਏਐਸਪੀ ਉਪਾਸਨਾ ਯਾਦਵ ਨੇ ਬਾਲ ਸੁਧਾਰ ਘਰ ਦਾ ਦੌਰਾ ਕੀਤਾ ਅਤੇ ਸਥਿਤੀ ਦਾ ਜਾਇਜ਼ਾ ਲਿਆ। ਇਸ ਤੋਂ ਬਾਅਦ ਇਕ ਫੋਰੈਂਸਿਕ ਟੀਮ ਵੀ ਮੌਕੇ ‘ਤੇ ਪਹੁੰਚ ਗਈ, ਜਿਸ ਨੇ ਘਟਨਾ ਵਾਲੀ ਥਾਂ ਤੋਂ ਸੁਰਾਗ ਇਕੱਠਾ ਕੀਤਾ।
ਜਾਣਕਾਰੀ ਅਨੁਸਾਰ ਬਾਲ ਕੈਦੀਆਂ ਨੂੰ ਸੋਮਵਾਰ ਸ਼ਾਮ ਕਰੀਬ 6 ਵਜੇ ਬੈਰਕਾਂ ਤੋਂ ਬਾਹਰ ਲਿਜਾਇਆ ਜਾ ਰਿਹਾ ਸੀ। ਗਿਣਤੀ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਰਾਤ ਦੇ ਖਾਣੇ ਲਈ ਲਿਜਾਇਆ ਜਾਣਾ ਸੀ ਪਰ ਅਚਾਨਕ ਕੁਝ ਬਾਲ ਕੈਦੀਆਂ ਨੇ ਉਥੇ ਤਾਇਨਾਤ ਵਾਰਡਰਾਂ ‘ਤੇ ਹਮਲਾ ਕਰ ਦਿੱਤਾ।
ਇਸ ਅਚਾਨਕ ਕੀਤੇ ਗਏ ਹਮਲੇ ਵਿਚ ਵਾਰਡਾਂ ਨੂੰ ਕੁਝ ਸਮਝ ਨਹੀਂ ਆਇਆ ਅਤੇ ਬਾਲ ਕੈਦੀਆਂ ਨੇ ਉਸ ਜਗ੍ਹਾ ‘ਤੇ ਲੱਕੜ ਦੀਆਂ ਸੋਟੀਆਂ ਆਦਿ ਨਾਲ ਉਨ੍ਹਾਂ ਦੀ ਕੁੱਟਮਾਰ ਕੀਤੀ। ਵਾਰਡਰ ਦੀ ਜੇਬ ਵਿਚੋਂ ਚਾਬੀ ਕੱਢੀ ਅਤੇ ਤਾਲਾ ਖੋਲ੍ਹਿਆ ਅਤੇ ਉਥੋਂ ਫਰਾਰ ਹੋ ਗਏ । ਇਸ ਹਮਲੇ ਵਿੱਚ ਵਾਰਡਰ ਤਲਵਿੰਦਰਾ, ਸੁਨੀਲ ਅਤੇ ਚੰਦਰਕਾਂਤ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।