ਪਿੰਡ ਬੜਵਾ ਨੂੰ ਨਸ਼ਾ ਮੁਕਤ ਕਰਨ ਹਿੱਤ ਗ੍ਰਾਮ ਪੰਚਾਇਤ ਵੱਲੋਂ ਸਰਟੀਫਿਕੇਟ ਜਾਰੀ
ਨਵਾਂਸ਼ਹਿਰ, 9 ਅਕਤੂਬਰ (ਨਿਊਜ਼ ਪੰਜਾਬ)- ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਐਸ. ਡੀ. ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਕਲੱਸਟਰ ਇੰਚਾਰਜ (ਲੰਗੜੋਆ-2) ਲੈਕਚਰਾਰ ਸੁਰਜੀਤ ਸਿੰਘ ਮਝੂਰ ਦੀ ਅਗਵਾਈ ਹੇਠ ਪਿੰਡ ਬੜਵਾ ਦੀ ਗ੍ਰਾਮ ਪੰਚਾਇਤ, ਨੌਜਵਾਨ ਸਭਾ ਅਤੇ ਜੀ. ਓ. ਜੀਜ਼ ਦੇ ਸਹਿਯੋਗ ਨਾਲ ਪਿੰਡ ਦੀ ਖੇਡ ਗਰਾਊਂਡ ਵਿਚ ਨਸ਼ਿਆਂ ਖਿਲਾਫ਼ ਜਾਗਰੂਕਤਾ ਸਭਾ ਕੀਤੀ ਗਈ। ਇਸ ਸਭਾ ਵਿਚ ਪਿੰਡ ਦੇ ਬਾਲਗ ਬੱਚਿਆਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਕਲੱਸਟਰ ਇੰਚਾਰਜ ਸੁਰਜੀਤ ਸਿੰਘ ਮਝੂਰ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿਚ ਨਸ਼ਿਆਂ ਖਿਲਾਫ਼ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਬੜਵਾ ਪਿੰਡ ਵਾਸੀਆਂ ਲਈ ਬਡੇ ਮਾਣ ਵਾਲੀ ਗੱਲ ਹੈ ਕਿ ਉਨਾਂ ਦੇ ਪਿੰਡ ਨੂੰ ਪ੍ਰਸ਼ਾਸਨ ਵੱਲੋਂ ਨਸ਼ਾ ਮੁਕਤ ਪਿੰਡ ਚੁਣਿਆ ਗਿਆ ਹੈ। ਉਨਾਂ ਕਿਹਾ ਕਿ ਇਸ ਮਾਮਲੇ ਵਿਚ ਬੜਵਾ ਪਿੰਡ ਹੋਰਨਾਂ ਪਿੰਡਾਂ ਲਈ ਵੀ ਪ੍ਰੇਰਣਾ ਸਰੋਤ ਬਣੇਗਾ। ਉਨਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਨਸ਼ਿਆਂ ਖਿਲਾਫ਼ ਅੱਗੇ ਆ ਕੇ ਪ੍ਰਚਾਰ ਕਰਨ ਅਤੇ ਨਸ਼ਾ ਪੀੜਤ ਵਿਅਕਤੀਆਂ ਨਾਲ ਹਮਦਰਦੀ ਵਰਤਦੇ ਹੋਏ ਉਨਾਂ ਨੂੰ ਓਟ ਸੈਂਟਰਾਂ ਵਿਚ ਕਾਊਂਸਲਿੰਗ ਕਰਵਾਉਣ ਲਈ ਪ੍ਰੇਰਨ। ਸਭਾ ਦੀ ਸਮਾਪਤੀ ’ਤੇ ਸਮੂਹ ਗ੍ਰਾਮ ਪੰਚਾਇਤ ਵੱਲੋਂ ਕਲੱਸਟਰ ਇੰਚਾਰਜ ਨੂੰ ਨਸ਼ਾ ਮੁਕਤ ਤਸਦੀਕ ਕੀਤਾ ਸਰਟੀਫਿਕੇਟ ਜਾਰੀ ਕੀਤਾ ਗਿਆ। ਇਸ ਮੌਕੇ ਸਰਪੰਚ ਗੁਰਮੇਲ ਚੰਦ, ਹਵਲਦਾਰ ਸੋਹਣ ਸਿੰਘ ਦੌਲਤਪੁਰ, ਮਹਿੰਦਰ ਸਿੰਘ, ਹਵਲਦਾਰ ਸਾਹਿਬ ਸਿੰਘ ਕਾਹਲੋਂ ਤੋਂ ਇਲਾਵਾ ਪੰਚਾਇਤ ਮੈਂਬਰ ਅਤੇ ਪਿੰਡ ਵਾਸੀ ਹਾਜ਼ਰ ਸਨ।