ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਲਈ ਬਣਾਈ ਕਮੇਟੀ ਦੇ ਚੇਅਰਮੈਨ ਸੁਰਜੀਤ ਜਿਆਣੀ ਦੇ ਦਫ਼ਤਰ ਦਾ ਘਿਰਾਓ

ਫ਼ਾਜ਼ਿਲਕਾ, 8 ਅਕਤੂਬਰ (ਨਿਊਜ਼ ਪੰਜਾਬ)- ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਨੂੰ ਲੈ ਕੇ ਸੂਬੇ ਦੀਆਂ 31 ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਨੂੰ ਖ਼ਤਮ ਕਰਵਾਉਣ ਲਈ ਭਾਜਪਾ ਵਲੋਂ ਗੱਲਬਾਤ ਲਈ ਬਣਾਈ ਕਮੇਟੀ ਦੇ ਚੇਅਰਮੈਨ ਅਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਦੇ ਫ਼ਾਜ਼ਿਲਕਾ ਦਫ਼ਤਰ ਦਾ ਨੌਜਵਾਨ ਭਾਰਤ ਸਭਾ, ਪੰਜਾਬ ਸਟੂਡੈਂਟ ਯੂਨੀਅਨ, ਡੈਮੋਕ੍ਰੇਟਿਕ ਟੀਚਰ ਫ਼ਰੰਟ ਵਲੋਂ ਘਿਰਾਓ ਕੀਤੀ ਗਿਆ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਕਿਹਾ ਕਿ ਘਿਰਾਓ ਤੋਂ ਪਹਿਲਾ ਹੀ ਦਫ਼ਤਰ ਬੰਦ ਪਿਆ ਸੀ, ਜਿਸ ਤੋਂ ਬਾਅਦ ਉਕਤ ਯੂਨੀਅਨਾਂ ਵਲੋਂ ਦਫ਼ਤਰ ਦੇ ਬਹਾਰ ਧਰਨਾ ਦਿੱਤਾ ਗਿਆ। ਇਸ ਮੌਕੇ ਨੌਨਿਹਾਲ ਸਿੰਘ ਸੂਬਾ ਆਗੂ ਨੌਜਵਾਨ ਭਾਰਤ ਸਭਾ, ਮਹਿੰਦਰ ਕੁਮਾਰ, ਧੀਰਜ ਕੁਮਾਰ ਨੇ ਕਿਹਾ ਕਿ ਭਾਜਪਾ ਦੇ ਆਗੂ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਲੋਕਾਂ ਤੋਂ ਭੱਜ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੀ ਮੌਤ ਦੇ ਵਰੰਟ ‘ਤੇ ਪਹਿਲਾਂ ਸਾਰੀ ਸਿਆਸੀ ਪਾਰਟੀਆਂ ਵਲੋਂ ਸਹਿਮਤੀ ਦਿੱਤੀ ਗਈ ਅਤੇ ਉਹ ਹੁਣ ਲੋਕਾਂ ਅੱਗੇ ਕਿਸਾਨ ਹਿਤੈਸ਼ੀ ਦਿਖਾਉਣ ਲਈ ਮਗਰਮੱਛ ਦੇ ਹੰਝੂ ਵਹਾ ਰਹੀਆਂ ਹਨ।