ਜੈਤੋ : ਰੋਮਾਣਾ ਅਲਬੇਲ ਸਿੰਘ ਦੇ ਰੇਲਵੇ ਸਟੇਸ਼ਨ ‘ਤੇ ਕਿਸਾਨਾਂ ਦਾ ਧਰਨਾ 8ਵੇਂ ਦਿਨ ਵੀ ਜਾਰੀ

ਜੈਤੋ, 8 ਅਕਤੂਬਰ (ਨਿਊਜ਼ ਪੰਜਾਬ)- ਨੇੜਲੇ ਪਿੰਡ ਰੋਮਾਣਾ ਅਲਬੇਲ ਸਿੰਘ ਦੇ ਰੇਲਵੇ ਸਟੇਸ਼ਨ ‘ਤੇ ਕਿਸਾਨਾਂ ਵਲੋਂ ਅੱਜ 8ਵੇਂ ਦਿਨ ਰੇਲ ਆਵਾਜਾਈ ਨੂੰ ਠੱਪ ਕਰਕੇ ਕੇਂਦਰ ਦੀ ਭਾਜਪਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆ ਹੋਇਆ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆ ਹੋਇਆਂ ਜਥੇਬੰਦੀ ਦੇ ਆਗੂ ਬਿੱਕਰ ਸਿੰਘ ਰੋਮਾਣਾ ਅਲਬੇਲ ਸਿੰਘ, ਮਨਦੀਪ ਸਿੰਘ ਕੋਠੇ ਕੇਹਰ ਸਿੰਘ, ਅਨੁਕੂਲ ਸਿੰਘ ਜੈਤੋ, ਬਿੰਦਰ ਸਿੰਘ ਚੰਦਭਾਨ ਅਤੇ ਮਾਸਟਰ ਹਰਜਿੰਦਰ ਸਿੰਘ ਹਰੀਨੌਂ ਨੇ ਦੱਸਿਆ ਕਿ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਦੇ ਸੱਦੇ ‘ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਫ਼ਰੀਦਕੋਟ ਵਲੋਂ ਲਗਾਏ ਗਏ ਧਰਨੇ ‘ਚ ਵੱਖ-ਵੱਖ ਪਿੰਡਾਂ ‘ਚ ਵੱਡੀ ਗਿਣਤੀ ‘ਚ ਕਿਸਾਨ ਧਰਨੇ ‘ਚ ਸ਼ਾਮਿਲ ਹੋ ਰਹੇ ਹਨ। ਬੁਲਾਰਿਆਂ ਨੇ ਹਰਿਆਣਾ ਸਰਕਾਰ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਸਰਕਾਰ ਦੇ ਇਸ਼ਾਰੇ ‘ਤੇ ਹਰਿਆਣਾ ਪੁਲਿਸ ਵਲੋਂ ਆਮ ਸਾਂਤੀ ਨਾਲ ਧਰਨੇ ‘ਤੇ ਬੈਠੇ ਕਿਸਾਨਾਂ ‘ਤੇ ਲਾਠੀਚਾਰਜ ਕਰਨ ਮੰਦਭਾਗੀ ਘਟਨਾ ਹੈ, ਇਸ ਦੀ ਜਿੰਨੀ ਨਿਖੇਧੀ ਕੀਤੀ ਜਾਵੇ ਉੱਨੀ ਥੋੜ੍ਹੀ ਹੈ। ਜਥੇਬੰਦੀ ਦੇ ਆਗੂਆਂ ਨੇ ਦੱਸਿਆ ਹੈ ਕਿ ਕਾਲੇ ਕਾਨੂੰਨਾਂ ਰੱਦ ਕਰਵਾਉਣ ਲਈ ਭਲਕੇ ਨੂੰ ਜੈਤੋ-ਕੋਟਕਪੂਰਾ ਰੋਡ ‘ਤੇ ਸਥਿਤ ਪਿੰਡ ਰੋਮਾਣਾ ਅਲਬੇਲ ਸਿੰਘ ਵਾਲਾ ਵਿਖੇ ਆਵਾਜਾਈ ਨੂੰ ਠੱਪ ਕਰਕੇ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।