ਯੂ.ਡੀ.ਆਈ.ਡੀ. ਕਾਰਡ ਸਾਰਿਆ ਲਈ ਮਹੱਤਵਪੂਰਨ – ਡੀਸੀ
– ਦਿਵਿਆਂਗ ਵਿਅਕਤੀਆਂ ਨੂੰ ਅਪੰਗਤਾ ਦੇ ਸਬੂਤ ਵਜੋਂ ਵਾਧੂ ਦਸਤਾਵੇਜ਼ ਰੱਖਣ ਦੀ ਜ਼ਰੂਰਤ ਨਹੀਂ
– ਵਿਸ਼ੇਸ਼ ਅਪੰਗਤਾ ਮੁਲਾਂਕਣ ਕੈਂਪ ਸਾਰੇ ਸਰਕਾਰੀ ਹਸਪਤਾਲਾਂ ਵਿੱਚ 12 ਅਕਤੂਬਰ ਤੋਂ 25 ਅਕਤੂਬਰ ਤੱਕ ਲਗਾਏ ਜਾਣਗੇ
ਮੁਹਾਲੀ, 8 ਅਕਤੂਬਰ (ਨਿਊਜ਼ ਪੰਜਾਬ) : ਜ਼ਿਲ੍ਹੇ ਵਿਚ ਸਾਰੇ ਦਿਵਿਆਂਗ ਵਿਅਕਤੀਆਂ ਦੇ ਵਿਲੱਖਣ ਅਪੰਗਤਾ ਆਈਡੀ ਕਾਰਡ (ਯੂ.ਡੀ.ਆਈ.ਡੀ. ਕਾਰਡ) ਬਣਾਏ ਜਾ ਰਹੇ ਹਨ, ਭਾਵੇਂ ਉਹਨਾਂ ਦੀ ਅਪੰਗਤਾ ਦੀ ਦਰ ਕਿੰਨੀ ਵੀ ਘੱਟ ਹੋਵੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦਿੱਤੀ। ਉਹਨਾਂ ਕਿਹਾ ਕਿ ਇਹ ਦਿਵਿਆਂਗ ਵਿਅਕਤੀਆਂ ਦੀ ਪਛਾਣ ਅਤੇ ਪੁਸ਼ਟੀ ਲਈ ਇਕੋ-ਇਕ ਦਸਤਾਵੇਜ਼ ਹੈ ਜਿਸ ਰਾਹੀਂ ਉਹ ਕਈ ਪ੍ਰਕਾਰ ਦੇ ਲਾਭ ਲੈ ਸਕਦੇ ਹਨ। ਇਸ ਕਾਰਡ ਵਿੱਚ ਸਬੰਧਤ ਦਿਵਿਆਂਗ ਵਿਅਕਤੀ ਬਾਰੇ ਸਾਰੀ ਲੋੜੀਂਦੀ ਜਾਣਕਾਰੀ ਹੁੰਦੀ ਹੈ ਅਤੇ ਇਸ ਨਾਲ ਹੋਰ ਅਪੰਗਤਾ ਸਰਟੀਫਿਕੇਟ ਆਦਿ ਦਸਤਾਵੇਜ਼ ਰੱਖਣ ਦੀ ਜ਼ਰੂਰਤ ਨਹੀਂ ਰਹਿੰਦੀ।
ਉਨ੍ਹਾਂ ਕਿਹਾ ਮੌਜੂਦਾ ਸਮੇਂ ਇੱਕ ਸੂਬੇ ਦਾ ਅਪੰਗਤਾ ਸਰਟੀਫਿਕੇਟ ਨੂੰ ਦੂਜੇ ਸੂਬਿਆਂ ਵਿੱਚ ਮਾਨਤਾ ਨਹੀਂ ਰੱਖਦਾ ਪਰ ਯੂ.ਡੀ.ਆਈ.ਡੀ. ਕਾਰਡ ਪੂਰੇ ਭਾਰਤ ਵਿਚ ਮਾਨਤਾ ਪ੍ਰਾਪਤ ਹੈ। ਇਹ ਕਾਰਡ ਦਿਵਿਆਂਗ ਵਿਅਕਤੀਆਂ ਨੂੰ ਰੇਲਵੇ ਕਾਊਂਟਰਾਂ ‘ਤੇ ਜਾਂ ਵਿੱਦਿਅਕ ਅਦਾਰਿਆਂ ਵਿਚ ਕੋਈ ਲਾਭ ਲੈਣ ਸਮੇਂ ਦਰਪੇਸ਼ ਮੁਸ਼ਕਲਾਂ ਨੂੰ ਦੂਰ ਕਰਨ ਵਿਚ ਸਹਾਇਤਾ ਕਰਨਗੇ। ਕਾਰਡ ਦਾ ਇਕ ਵਿਲੱਖਣ ਨੰਬਰ ਹੁੰਦਾ ਹੈ ਜੋ ਸਬੰਧਤ ਅਧਿਕਾਰੀਆਂ ਨੂੰ ਵੇਰਵੇ ਜਾਣਨ ਵਿਚ ਸਹਾਇਤਾ ਕਰਦਾ ਹੈ। ਹੁਣ ਤੱਕ ਜ਼ਿਲੇ ਵਿਚ 4048 ਯੂ.ਡੀ.ਆਈ.ਡੀ. ਕਾਰਡ ਬਣਾਏ ਗਏ ਹਨ ਅਤੇ ਵੱਧ ਤੋਂ ਵੱਧ ਦਿਵਿਆਂਗ ਵਿਅਕਤੀਆਂ ਤੱਕ ਪਹੁੰਚ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਬੈਂਕਾਂ ਤੋਂ ਪੈਨਸ਼ਨਰਾਂ ਦੇ ਵੇਰਵੇ ਮੰਗੇ ਹਨ ਅਤੇ ਸਕੂਲਾਂ ਨੂੰ ਸਰੀਰਕ ਤੌਰ ‘ਤੇ ਅਪਾਹਜ ਵਿਦਿਆਰਥੀਆਂ ਦੇ ਯੂ.ਡੀ.ਆਈ.ਡੀ. ਕਾਰਡ ਬਣਾਉਣ ਵਿਚ ਸਹਿਯੋਗ ਦੇਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਦਿਸ਼ਾ ਵੱਲ ਅੱਗੇ ਵਧਦਿਆਂ, ਅਸੀਂ ਇੱਕ ਵਿਸ਼ੇਸ਼ 14 ਦਿਨਾਂ ਅਪੰਗਤਾ ਮੁਲਾਂਕਣ ਕੈਂਪ ਆਯੋਜਿਤ ਕਰ ਰਹੇ ਹਾਂ। ਪਹਿਲਾਂ ਮੁਲਾਂਕਣ ਹਫ਼ਤੇ ਵਿਚ ਦੋ ਵਾਰ ਕੀਤਾ ਜਾਂਦਾ ਸੀ ਪਰ ਹੁਣ ਅਸੀਂ ਮਿਸ਼ਨ ਦੇ ਤੌਰ ‘ਤੇ ਅੱਗੇ ਵੱਧ ਰਹੇ ਹਾਂ ਅਤੇ ਇਹ ਕੈਂਪ 12 ਅਕਤੂਬਰ ਤੋਂ 25 ਅਕਤੂਬਰ ਤੱਕ ਸਾਰੇ ਸਰਕਾਰੀ ਹਸਪਤਾਲਾਂ ਵਿਚ ਆਯੋਜਿਤ ਕਰਵਾਏ ਜਾਣਗੇ। ਉਹਨਾਂ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਮੁਲਾਂਕਣ ਲਈ ਅੱਗੇ ਆਉਣ ਅਤੇ ਆਪਣਾ ਯੂ.ਡੀ.ਆਈ.ਡੀ. ਕਾਰਡ ਬਣਾਉਣ। ਉਹਨਾਂ ਕਿਹਾ ਕਿ ਯੂਡੀਆਈਡੀ ਕਾਰਡ ਸਰਕਾਰ ਨੂੰ ਅਗਰੇਲੀ ਕਾਰਵਾਈ ਹਿੱਤ ਅਪੰਗ ਵਿਅਕਤੀਆਂ ਬਾਰੇ ਅਸਲ ਸਮੇਂ ਦੇ ਅੰਕੜਿਆਂ ਦੀ ਉਪਲਬਧਤਾ ਦੀ ਸਹੂਲਤ ਦਿੰਦੇ ਹਨ। ਇਸ ਲਈ, ਕਾਰਡ ਧਾਰਕ ਦਿਵਿਆਂਗ ਵਿਅਕਤੀਆਂ ਲਈ ਸੂਬਾ/ਕੇਂਦਰ ਸਰਕਾਰ ਅਤੇ ਹੋਰ ਏਜੰਸੀਆਂ ਵਲੋਂ ਸ਼ੁਰੂ ਕੀਤੀਆਂ ਵੱਖ-ਵੱਖ ਸਕੀਮਾਂ ਦਾ ਤੁਰੰਤ ਲਾਭ ਲੈ ਸਕਦੇ ਹਨ।