ਮੁੰਬਈ ਪੁਲਿਸ ਦਾ ਵੱਡਾ ਖ਼ੁਲਾਸਾ- ਪੈਸੇ ਦੇ ਕੇ ਟੀ. ਆਰ. ਪੀ. ਖ਼ਰੀਦਦਾ ਹੈ ਰਿਪਬਲਿਕ ਟੀ. ਵੀ.

ਮੁੰਬਈ, 8 ਅਕਤੂਬਰ (ਨਿਊਜ਼ ਪੰਜਾਬ)- ਮੁੰਬਈ ਪੁਲਿਸ ਨੇ ਕਿਹਾ ਹੈ ਕਿ ਟੀ. ਆਰ. ਪੀ. ਹੇਰਾ ਫੇਰੀ ਨੂੰ ਲੈ ਕੇ ਰਿਪਬਲਿਕ ਟੀ. ਵੀ. ਸਣੇ ਤਿੰਨ ਚੈਨਲਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮੁੰਬਈ ਪੁਲਿਸ ਕਮਿਸ਼ਨਰ ਪਰਮਵੀਰ ਸਿੰਘ ਨੇ ਇਹ ਜਾਣਕਾਰੀ ਦਿੱਤੀ ਹੈ। ਇਸ ਮਾਮਲੇ ‘ਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਇਨ੍ਹਾਂ ‘ਚ ਰੇਟਿੰਗ ਨੂੰ ਮਾਪਣ ਲਈ ‘ਪੀਪਲ ਮੀਟਰ’ ਲਗਾਉਣ ਵਾਲੀ ਇੱਕ ਏਜੰਸੀ ਦਾ ਸਾਬਕਾ ਕਰਮਚਾਰੀ ਵੀ ਹੈ। ਉਨ੍ਹਾਂ ਕਿਹਾ ਕਿ ਰਿਪਬਲਿਕ ਟੀ. ਵੀ. ਦੇ ਅਧਿਕਾਰੀਆਂ, ਜੋ ਨਿਊਜ਼ ਚੈਨਲਾਂ ‘ਚ ਸਭ ਤੋਂ ਵੱਧ ਟੀ. ਆਰ. ਪੀ. ਦਾ ਦਾਅਵਾ ਕਰ ਰਿਹਾ ਹੈ, ਨੂੰ ਅੱਜ ਜਾਂ ਭਲਕੇ ਸੰਮਨ ਭੇਜਿਆ ਜਾਵੇਗਾ। ਮੁੰਬਈ ਪੁਲਿਸ ਮੁਤਾਬਕ ਤਫ਼ਤੀਸ਼, ਨਿਊਜ਼ ਟਰੈਂਡ ‘ਚ ਹੇਰਾਫੇਰੀ ਅਤੇ ਝੂਠੀ ਕਹਾਣੀ ਕਿਸ ਤਰ੍ਹਾਂ ਫੈਲਾਈ ਜਾਂਦੀ ਹੈ, ਇਸ ਲਈ ਵਿਸ਼ਾਲ ਵਿਸ਼ਲੇਸ਼ਣ ਦਾ ਹਿੱਸਾ ਹੈ। ਮੁੰਬਈ ਪੁਲਿਸ ਦੇ ਮੁਖੀ ਨੇ ਕਿਹਾ ਕਿ ਚੈਨਲਾਂ ਦੇ ਬੈਂਕ ਅਕਾਊਂਟਾਂ ਦੀ ਜਾਂਚ ਕੀਤੀ ਜਾਵੇਗੀ, ਅਸੀਂ ਇਹ ਵੀ ਦੇਖ ਰਹੇ ਹਾਂ ਜਿਹੜੇ ਫ਼ਰਜ਼ੀ ਟੀ. ਆਰ. ਪੀ. ਨਾਲ ਵਿਗਿਆਪਨ ਮਿਲੇ ਸਨ, ਉਹ ਪੈਸਾ ਅਪਰਾਧ ਦਾ ਹਿੱਸਾ ਮੰਨਿਆ ਜਾਵੇਗਾ ਜਾਂ ਨਹੀਂ।