ਸਕੂਲ ਸਿੱਖਿਆ ਵਿਭਾਗ ਵਲੋਂ ਸਰੀਰਕ ਸਿੱਖਿਆ ਅਤੇ ਖੇਡਾਂ ਨੂੰ ਵੀ ਅਚੀਵਮੈਂਟ ਸਰਵੇ ਦੇ ਘੇਰੇ ‘ਚ ਲਿਆਉਣ ਦਾ ਫ਼ੈਸਲਾ

ਚੰਡੀਗੜ੍ਹ, 8 ਅਕਤੂਬਰ (ਨਿਊਜ਼ ਪੰਜਾਬ)- ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸਰੀਰਕ ਸਿੱਖਿਆ ਅਤੇ ਖੇਡਾਂ ਨੂੰ ਵੀ ਪੰਜਾਬ ਅਚੀਵਮੈਂਟ ਸਰਵੇ (ਪੀ. ਏ. ਐਸ.) ਦੇ ਘੇਰੇ ‘ਚ ਲਿਆਉਣ ਦਾ ਫ਼ੈਸਲਾ ਕੀਤਾ ਹੈ ਅਤੇ ਇਸ ਸਬੰਧੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਇਸ ਦੀ ਜਾਣਕਾਰੀ ਦਿੰਦਿਆਂ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਇਕ ਬੁਲਾਰੇ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਵਲੋਂ ਬਾਕੀ ਵਿਸ਼ਿਆਂ ਵਾਂਗ ਸਰੀਰਕ ਸਿੱਖਿਆ ਅਤੇ ਖੇਡਾਂ ਨੂੰ ਵੀ ਪੰਜਾਬ ਅਚੀਵਮੈਂਟ ਸਰਵੇ ‘ਚ ਸ਼ਾਮਿਲ ਕਰ ਲਿਆ ਗਿਆ ਹੈ। ਬੁਲਾਰੇ ਮੁਤਾਬਕ ਪੀ. ਏ. ਐਸ. ਦੇ ਤਹਿਤ 6ਵੀਂ ਜਮਾਤ ਦਾ ਸਰੀਰਕ ਸਿੱਖਿਆ ਅਤੇ ਖੇਡਾਂ ਦਾ ਪੇਪਰ 10 ਅਕਤੂਬਰ ਨੂੰ, 7ਵੀਂ ਦਾ 11 ਅਕਤੂਬਰ ਨੂੰ, 8ਵੀਂ ਦਾ 12 ਅਕਤੂਬਰ ਅਤੇ 9ਵੀਂ ਤੇ 10ਵੀਂ ਦਾ 13 ਅਕਤੂਬਰ 2020 ਨੂੰ ਹੋਵੇਗਾ। ਇਹ ਸਰਵੇ ਪ੍ਰਾਇਮਰੀ ਤੋਂ ਲੈ ਕੇ 12ਵੀਂ ਦੇ ਵਿਦਿਆਰਥੀ ਦੀ ਸਿੱਖਣ ਦੀ ਸਮਰੱਥਾ ਦਾ ਮੁਲਾਂਕਣ ਕਰਨ ਲਈ ਕਰਵਾਇਆ ਜਾ ਰਿਹਾ ਹੈ। ਇਸ ‘ਚ ਸੂਬੇ ਦੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ, ਮਾਨਤਾ ਪ੍ਰਾਪਤ ਅਤੇ ਐਸੋਸੀਏਟਿਡ ਸਕੂਲਾਂ ਦੇ ਵਿਦਿਆਰਥੀ ਹਿੱਸਾ ਲੈ ਰਹੇ ਹਨ। ਇਸ ਸਰਵੇ ਦੇ ਪਹਿਲੇ ਪੜਾਅ ‘ਚ ਬਾਕੀ ਵਿਸ਼ਿਆਂ ਦੇ ਮੁਲਾਂਕਣ ਦਾ ਕੰਮ 3 ਅਕਤੂਬਰ ਨੂੰ ਖ਼ਤਮ ਹੋ ਚੁੱਕ ਹੈ, ਜਿਸ ‘ਚ ਵਿਦਿਆਰਥੀਆਂ ਨੇ ਭਾਰੀ ਉਤਸ਼ਾਹ ਨਾਲ ਹਿੱਸਾ ਲਿਆ।