ਹਰ ਤਰ੍ਹਾਂ ਦੀ ਚੁਣੌਤੀ ਨਾਲ ਨਜਿੱਠਣ ਲਈ ਤਿਆਰ ਹੈ ਹਵਾਈ ਫੌਜ- ਹਵਾਈ ਫੌਜ ਮੁਖੀ ਭਦੌਰੀਆ

ਹਿੰਡਨ, 8 ਅਕਤੂਬਰ (ਨਿਊਜ਼ ਪੰਜਾਬ)- ਹਵਾਈ ਫੌਜ ਮੁਖੀ ਏਅਰ ਚੀਫ਼ ਮਾਰਸ਼ਲ ਆਰ. ਕੇ. ਐਸ. ਭਦੌਰੀਆ ਨੇ ਅੱਜ ਦੇਸ਼ ਨੂੰ ਭਰੋਸਾ ਦਿੱਤਾ ਕਿ ਹਵਾਈ ਫੌਜ ਦੇਸ਼ ਦੀਆਂ ਹਵਾਈ ਸਰਹੱਦਾਂ ਦੀ ਦਿਨ-ਰਾਤ ਰਾਖੀ ਕਰਨ ਅਤੇ ਕਿਸੇ ਵੀ ਹਾਲਾਤ ਨਾਲ ਨਜਿੱਠਣ ਲਈ ਤਿਆਰ ਹੈ। ਏਅਰ ਚੀਫ਼ ਮਾਰਸ਼ਲ ਭਦੌਰੀਆ ਨੇ ਹਵਾਈ ਫੌਜ ਦੇ 88ਵੇਂ ਸਥਾਪਨਾ ਦਿਵਸ ‘ਤੇ ਅੱਜ ਇੱਥੇ ਇਹ ਗੱਲ ਆਖੀ। ਉਨ੍ਹਾਂ ਹਵਾਈ ਸੈਨਿਕਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਮੌਜੂਦਾ ਅਤੇ ਭਵਿੱਖ ਦੀਆਂ ਚੁਣੌਤੀਆਂ ਨੂੰ ਧਿਆਨ ‘ਚ ਰੱਖਦਿਆਂ ਆਪਣੇ ਆਪ ਨੂੰ ਇੱਕ ਅਜਿਹੇ ਬਲ ਦੇ ਰੂਪ ‘ਚ ਬਦਲਣਾ ਹੈ, ਜਿਹੜਾ ਹਰ ਤਰ੍ਹਾਂ ਦੀ ਚੁਣੌਤੀ ਤੋਂ ਪਾਰ ਪਾ ਸਕੇ। ਉਨ੍ਹਾਂ ਕਿਹਾ ਕਿ ਖੇਤਰ ‘ਚ ਗੁਆਂਢੀਆਂ ਦੀ ਵਧਦੀ ਲਾਲਸਾ ਤੋਂ ਪੈਦਾ ਹੋਏ ਖ਼ਤਰੇ ਅਤੇ ਚੁਣੌਤੀ ਨਾਲ ਨਜਿੱਠਣ ਲਈ ਹਵਾਈ ਫੌਜ ਪੂਰੀ ਤਰ੍ਹਾਂ ਨਾਲ ਤਿਆਰ ਹੈ ਅਤੇ ਪਿਛਲੇ ਦਿਨੀਂ ਲੋੜ ਪੈਣ ‘ਤੇ ਬਲ ਨੇ ਤੁਰੰਤ ਲੋੜੀਂਦੀ ਕਾਰਵਾਈ ਕਰਕੇ ਆਪਣੀ ਸਮਰੱਥਾ ਤੇ ਸੰਚਾਲਨ ਕੁਸ਼ਲਤਾ ਤੋਂ ਜਾਣੂੰ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਉਹ ਦੇਸ਼ ਨੂੰ ਭਰੋਸਾ ਦੇਣਾ ਚਾਹੁੰਦੇ ਹਨ ਕਿ ਹਵਾਈ ਫੌਜ ਕਿਸੇ ਵੀ ਸਥਿਤੀ ਅਤੇ ਚੁਣੌਤੀ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਹਵਾਈ ਫੌਜ ਮੁਖੀ ਨੇ ਕਿਹਾ ਕਿ ਇਹ ਵੇਲਾ ਹੈ ਕਿ ਹਵਾਈ ਫੌਜ ਹਰ ਤਰ੍ਹਾਂ ਨਾਲ ਮਜ਼ਬੂਤ ਬਣੇ ਅਤੇ ਚੁਣੌਤੀਆਂ ਦੀਆਂ ਕਸੌਟੀਆਂ ‘ਤੇ ਖਰੀ ਉਤਰੇ। ਨਾਲ ਹੀ ਇਹ ਆਤਮ ਨਿਰਭਰ ਭਾਰਤ ਲਈ ਵੀ ਜ਼ਰੂਰੀ ਹੈ। ਇਸ ਮੌਕੇ ਉਨ੍ਹਾਂ ਨੇ ਹਵਾਈ ਫੌਜ ਦੇ ਯੋਧਿਆਂ ਨੂੰ ਉਨ੍ਹਾਂ ਦੀ ਬਹਾਦਰੀ, ਸੇਵਾ ਸਮਰਪਣ ਅਤੇ ਫ਼ਰਜ਼ਾਂ ਲਈ ਮੈਡਲ ਦੇ ਕੇ ਸਨਮਾਨਿਤ ਵੀ ਕੀਤਾ।