ਰਾਹੁਲ ਅਤੇ ਕੈਪਟਨ ਵਲੋਂ ਪੰਜਾਬ ਦੇ ਕਿਸਾਨਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਿਖਾਏ ਮਾਰਗ ‘ਤੇ ਚੱਲਣ ਅਤੇ ਮੋਦੀ ਸਰਕਾਰ ਦੇ ਜਬਰ ਖਿਲਾਫ ਆਵਾਜ਼ ਬੁਲੰਦ ਕਰਨ ਦਾ ਸੱਦਾ

ਮੋਦੀ ਵੱਲੋਂ ਮੁਲਕ ਨੂੰ ਕਮਜ਼ੋਰ ਕਰ ਦੇਣ ਕਰਕੇ ਚੀਨ ਨੇ ਭਾਰਤ ‘ਚ ਦਾਖਲ ਹੋਣ ਅਤੇ ਸਾਡੇ ਸੈਨਿਕਾਂ ਨੂੰ ਮਾਰਨ ਦੀ ਜੁੱਅਰਤ ਕੀਤੀ-ਰਾਹੁਲ ਗਾਂਧੀ
ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਕੇਂਦਰ ਦੀ ਬੇਇਨਸਾਫੀ ਵਿਰੁੱਧ ਲੰਮੀ ਲੜਾਈ ਲੜਣ ਲਈ ਤਿਆਰ ਰਹਿਣ ਵਾਸਤੇ ਆਖਿਆ

 

ਨਿਊਜ਼ ਪੰਜਾਬ

ਸਮਾਣਾ (ਪਟਿਆਲਾ), 5 ਅਕਤੂਬਰ: ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਮੋਦੀ ਸਰਕਾਰ ਦੀਆਂ ਦੇਸ਼ ਵਿਰੋਧੀ ਨੀਤੀਆਂ ਅਤੇ ਕਾਰਵਾਈਆਂ ਨਾਲ ਸਾਡਾ ਮੁਲਕ ਕਮਜ਼ੋਰ ਹੋਇਆ ਹੈ ਜਿਸ ਕਰਕੇ ਚੀਨ ਨੇ ਭਾਰਤ ਵਿੱਚ ਦਾਖਲ ਹੋਣ ਅਤੇ ਸਾਡੇ ਸੈਨਿਕਾਂ ਨੂੰ ਮਾਰਨ ਦੀ ਜੁਅੱਰਤ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੋਦੀ ਸਰਕਾਰ ਦੇ ਮੁਲਕ ਵਿਰੋਧੀ ਕਦਮਾਂ ਦੀ ਤਾਜ਼ਾ ਮਿਸਾਲ ਖੇਤੀ ਕਾਨੂੰਨਾਂ ਤੋਂ ਲਈ ਜਾ ਸਕਦੀ ਹੈ।
ਰਾਹੁਲ ਗਾਂਧੀ ਨੇ ਕਿਹਾ ਕਿ ਚੀਨ ਨੂੰ ਅਹਿਸਾਸ ਹੋ ਗਿਆ ਹੈ ਕਿ ਮੋਦੀ ਨੇ ਭਾਰਤ ਨੂੰ ਕਮਜ਼ੋਰ ਕਰ ਦਿੱਤਾ ਹੈ ਅਤੇ ਉਸ ਨੇ ਸਾਡੀ ਜ਼ਮੀਨ ਦੇ 1200 ਕਿਲੋਮੀਟਰ ‘ਤੇ ਕੰਟੋਰਲ ਕਰਨ ਲਈ ਇਸ ਦਾ ਫਾਇਦਾ ਚੁੱਕਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਾਡੇ ਮੁਲਕ ਦਾ ਲੱਕ ਤੋੜ ਕੇ ਰੱਖ ਦਿੱਤਾ ਜਿਸ ਦਾ ਆਰਥਿਕ ਵਿਕਾਸ ਡਾ. ਮਨਮੋਹਨ ਸਿੰਘ ਦੀ ਸਰਕਾਰ ਵੇਲੇ 9 ਫੀਸਦੀ ਹੁੰਦਾ ਸੀ ਜੋ ਹੁਣ  24 ਫੀਸਦੀ ‘ਤੇ ਪਹੁੰਚ ਗਿਆ ਹੈ। ਨਰਿੰਦਰ ਮੋਦੀ ਵੱਲੋਂ ਆਪਣੇ ਪੂੰਜੀਪਤੀ ਅਤੇ ਉਦਯੋਗਿਕ ਮਿੱਤਰਾਂ ਦੀ ਮਦਦ ਕਰਨ ਲਈ ਮੁਲਕ ਨੂੰ ਬਰਬਾਦੀ ਦੇ ਰਾਹ ਤੋਰਨ ਦਾ ਦੋਸ਼ ਲਾਉਂਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਪਿੱਛੇ ਵੱਲ ਨੂੰ ਜਾ ਰਿਹਾ ਹੈ ਅਤੇ ਇਹ ਗੱਲ ਚੀਨ ਜਾਣਦਾ ਹੈ।
ਰਾਹੁਲ ਗਾਂਧੀ ਨੇ ਕਿਹਾ,”ਹੋਰ ਕਿਉਂ ਚੀਨ ਸਾਡੇ ਖੇਤਰ ਵਿੱਚ ਦਾਖਲ ਹੋਣ ਦੀ ਹਿੰਮਤ ਕਰੇਗਾ? ਜੇਕਰ ਮੋਦੀ ਦੇ ਦਾਅਵੇ ਮੁਤਾਬਕ ਚੀਨੀ ਭਾਰਤ ਵਿੱਚ ਦਾਖਲ ਨਹੀਂ ਹੋਏ ਤਾਂ ਉਹ ਸਾਡੇ 20 ਸੈਨਿਕਾਂ ਨੂੰ ਕਿਵੇਂ ਮਾਰ ਸਕਦੇ ਹਨ ਜੋ ਕਿ ਅਸਲ ਕੰਟਰੋਲ ਰੇਖਾ ‘ਤੇ ਸਾਡੇ ਵਾਲੇ ਪਾਸੇ ਸਨ?”
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਥਨ ਕਿ ‘ਸੱਚ ਤੋਂ ਕੁਝ ਵੀ ਨਹੀਂ ਲੁਕਾਇਆ ਜਾ ਸਕਦਾ’ ਦਾ ਹਵਾਲਾ ਦਿੰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਜੇਕਰ ਅਸੀਂ ਅੱਜ ਸੱਚ ਦਾ ਸਾਹਮਣਾ ਨਹੀਂ ਕਰਦੇ ਤਾਂ ਅਸੀਂ ਇਸ ਦਾ ਖਾਮਿਆਜ਼ਾ ਭੁਗਤਾਂਗੇ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਸੱਚ ਦਾ ਮਾਰਗ ਦਿਖਾਇਆ ਹੈ ਅਤੇ ਲੋਕਾਂ ਨੂੰ ਖਾਸ ਕਰਕੇ ਕਿਸਾਨਾਂ ਨੂੰ ਵੀ ਇਸੇ ਮਾਰਗ ‘ਤੇ ਚਲਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ, ”ਤੁਸੀਂ ਬਚ-ਬਚਾਅ ਕੇ ਭੱਜ ਨਹੀਂ ਸਕਦੇ”। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਵੀ ਕੋਈ ਸਾਧਾਰਨ ਲੋਕ ਨਹੀਂ ਹਨ ਸਗੋਂ ਸਾਡੇ ਮੁਲਕ ਦੀ ਰੀੜ ਦੀ ਹੱਡੀ ਹਨ।
ਰਾਹੁਲ ਗਾਂਧੀ ਨੇ ਲੋਕਾਂ ਨੂੰ ਮੁਖਾਤਬ ਹੁੰਦਿਆਂ ਕਿਹਾ, ”ਤੁਸੀਂ ਚੁੱਪ ਕਿਉਂ ਹੋ? ਹਰਿਆਣਾ ਚੁੱਪ ਕਿਉਂ ਹੈ? ਪੰਜਾਬ ਦੇ ਸ਼ੇਰ ਦਹਾੜ ਕਿਉਂ ਨਹੀਂ ਰਹੇ?”। ਉਨ੍ਹਾਂ ਨੇ ਲੋਕਾਂ ਨੂੰ ਕੇਂਦਰ ਸਰਕਾਰ ਦੇ ਜ਼ੁਲਮਾਂ ਖਿਲਾਫ ਉਠਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਦੇ ਹਰ ਕਦਮ ਨਾਲ ਡਟ ਕੇ ਚੱਲਣਗੇ।
ਰਾਹੁਲ ਗਾਂਧੀ ਨੇ ਕਿਹਾ, ”ਜੇਕਰ ਮੋਦੀ ਨੂੰ ਕਿਸਾਨਾਂ ਅਤੇ ਗਰੀਬਾਂ ਦੀ ਤਾਕਤ ਦਾ ਅਹਿਸਾਸ ਨਹੀਂ ਹੈ ਤਾਂ ਅਸੀਂ ਮਿਲ ਕੇ ਉਨ੍ਹਾਂ ਨੂੰ ਆਪਣੀ ਸ਼ਕਤੀ ਦਾ ਅਹਿਸਾਸ ਕਰਾਵਾਂਗੇ”। ਉਨ੍ਹਾਂ ਨੇ ਐਲਾਨ ਕੀਤਾ ਕਿ ਉਹ ਕੇਂਦਰ ਦੀ ਭਾਜਪਾ ਸਰਕਾਰ ਤੋਂ ਨਹੀਂ ਡਰਦੇ। ਉਨ੍ਹਾਂ ਨੇ ਮੋਦੀ ਸਰਕਾਰ ਦੀ ਨਿੰਦਾ ਕਰਦਿਆਂ ਆਖਿਆ ਕਿ ਕੇਂਦਰ ਵੱਲੋਂ ਕਾਰਪੋਰੇਟ ਘਰਾਣਿਆਂ ਰਾਹੀਂ ਮੀਡੀਆ ‘ਤੇ ਕੰਟਰੋਲ ਕੀਤਾ ਹੋਇਆ ਹੈ ਅਤੇ ਅਸਹਿਮਤੀ ਵਿਰੁੱਧ ਉਠਣ ਵਾਲੀ ਹਰ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ।
ਰਾਹੁਲ ਗਾਂਧੀ ਇੱਥੇ ਕੈਪਟਨ ਅਮਰਿੰਦਰ ਸਿੰਘ ਨਾਲ ਪੰਜਾਬ ਵਿਚ ਖੇਤੀ ਬਚਾਓ ਯਾਤਰਾ ਦੇ ਦੂਜੇ ਦਿਨ ਦੀ ਸਮਾਪਤੀ ਮੌਕੇ ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਰਾਹੁਲ ਗਾਂਧੀ ਨੇ ਕਿਸਾਨਾਂ ਨੂੰ ਨਰਿੰਦਰ ਮੋਦੀ ਸਰਕਾਰ ਦੇ ਖਤਰਨਾਕ ਇਰਾਦਿਆਂ ਵਿਰੁੱਧ ਸਾਵਧਾਨ ਕਰਦਿਆਂ ਕਿਹਾ ਕਿ ਕੇਂਦਰ ਦੇ ਇਰਾਦੇ ਸੋਚੇ-ਸਮਝੇ ਅਤੇ ਬਦਨੀਤ ਵਾਲੇ ਏਜੰਡੇ ਦਾ ਹਿੱਸਾ ਹਨ ਤਾਂ ਕਿ ਮੁੱਠੀ ਭਰ ਉਦਯੋਗਪਤੀਆਂ ਦੇ ਹਿੱਤ ਪਾਲਣ ਲਈ ਕਿਸਾਨਾਂ ਦੀ ਜ਼ਿੰਦਗੀ ਨੂੰ ਤਬਾਹ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਦਿਲਚਸਪੀ ਸਿਰਫ ਆਪਣੇ ਤਿੰਨ-ਚਾਰ ਉਦਯੋਗਪਤੀ ਮਿੱਤਰਾਂ ਦੀ ਸਹਾਇਤਾ ਕਰਨ ਵਿੱਚ ਹੈ। ਲਾਕਡਾਊਨ ਦੇ ਸਮੇਂ ਦੌਰਾਨ ਪ੍ਰਵਾਸੀਆਂ ਦੀ ਦੁਰਦਸ਼ਾ ਅਤੇ ਨੋਟਬੰਦੀ ਤੇ ਜੀ.ਐਸ.ਟੀ. ਨਾਲ ਪੈਦਾ ਹੋਏ ਸੰਕਟ ਨੂੰ ਚੇਤੇ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਮ ਲੋਕਾਂ ਦੀ ਕੋਈ ਪਰਵਾਹ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਨੋਟਬੰਦੀ ਤੋਂ ਬਾਅਦ ਉਦਯੋਗਪਤੀਆਂ ਲਈ 3.50 ਲੱਖ ਕਰੋੜ ਰੁਪਏ ਦਾ ਕਰਜ਼ਾ ਮੁਆਫ ਕੀਤਾ ਗਿਆ ਅਤੇ ਇੱਥੋਂ ਤੱਕ ਕੇ ਕੋਵਿਡ ਦੇ ਸਮੇਂ ਦੌਰਾਨ ਵੀ ਇਨ੍ਹਾਂ ਨੂੰ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ ਪਰ ਗਰੀਬਾਂ ਨੂੰ ਸਿਰਫ ਸਬਸਿਡੀਆਂ ਹੀ ਮਿਲ ਰਹੀਆਂ ਹਨ।
ਕੋਵਿਡ ਸਬੰਧੀ ਪ੍ਰਧਾਨ ਮੰਤਰੀ ਦੇ ਝੂਠ ਦੀ ਕੜੀ ਨਿੰਦਿਆਂ ਕਰਦਿਆਂ, ਸ੍ਰੀ ਰਾਹੁਲ ਨੇ ਲੋਕਾਂ ਨੂੰ ਚੇਤਾ ਕਰਵਾਇਆ ਕਿ ਮੋਦੀ ਨੇ ਦਾਅਵਾ ਕੀਤਾ ਸੀ ਕਿ ਮਹਾਂਮਾਰੀ ਵਿਰੁੱਧ ਜੰਗ 22 ਦਿਨਾਂ ਵਿਚ ਜਿੱਤ ਲਈ ਜਾਵੇਗੀ। ਉਹਨਾਂ ਪੁੱਛਿਆ ਕਿ ,”ਕੀ ਅਜਿਹਾ ਹੋਇਆ ਹੈ? ਜੇ ਅਜਿਹਾ ਹੈ, ਤਾਂ ਫਿਰ ਲੋਕ ਮਾਸਕ ਕਿਉਂ ਪਾ ਰਹੇ ਹਨ? ”
ਸ੍ਰੀ ਰਾਹੁਲ ਗਾਂਧੀ ਨੇ ਕਿਸਾਨਾਂ ਨੂੰ ਸਾਵਧਾਨ ਕੀਤਾ ਕਿ ਕੇਂਦਰ ਦੇ ਨਵੇਂ ਕਾਨੂੰਨ ਐਮਐਸਪੀ, ਐਫਸੀਆਈ ਸਿਸਟਮ ਅਤੇ ਮੰਡੀਆਂ ਨੂੰ ਖ਼ਤਮ ਕਰ ਦੇਣਗੇ। ਉਹਨਾਂ ਕਿਹਾ ਕਿ ਇਹ ਅਗਲੇ 2-3 ਸਾਲਾਂ ਵਿੱਚ ਨਹੀਂ ਹੋ ਸਕਦਾ, ਇਹ ਮੋਦੀ ਦੀ ਆਖਰੀ ਬਾਜ਼ੀ ਹੈ ਜਿਸ ਨਾਲ ਉਹ ਸਿਰਫ ਆਪਣੇ ਕਾਰਪੋਰੇਟ ਮਿੱਤਰਾਂ ਖ਼ਾਸ ਤੌਰ ‘ਤੇ ਅੰਬਾਨੀ ਅਤੇ ਅਡਾਨੀ ਨੂੰ ਪ੍ਰਫੁੱਲਤ ਕਰਨ ਦਾ ਉਦੇਸ਼ ਰੱਖਦਾ ਹਨ। ਉਨ੍ਹਾਂ ਕਿਸਾਨਾਂ ਨੂੰ ਚੁਕੰਨੇ ਕਰਦਿਆਂ ਕਿਹਾ ਕਿ ਨਵੇਂ ਖੇਤੀ ਕਾਨੂੰਨੀ ਨਾਲ ਖਰੀਦ ਪ੍ਰਕਿਰਿਆ ਵਿਚ ਆਈ ਖੜੋਤ ਪੂਰੀ ਲੜੀ ਨੂੰ ਤੋੜ ਦੇਵੇਗੀ। ਉਹਨਾਂ ਅੱਗੇ ਕਿਹਾ ਕਿ ਕਿਸਾਨ ਇਨ੍ਹਾਂ ਕਾਰਪੋਰੇਟਾਂ ਦੇ ਗੁਲਾਮ ਬਣ ਜਾਣਗੇ ਅਤੇ ਆਖ਼ਰਕਾਰ ਸਾਰਾ ਦੇਸ਼ ਇੱਕ ਵਾਰ ਫਿਰ ਗੁਲਾਮ ਬਣ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਖੇਤੀ ਕਾਨੂੰਨਾਂ ਕਾਰਨ ਖੇਤੀਬਾੜੀ ਦਾ ਭਵਿੱਖ ਵੱਡੇ ਖ਼ਤਰੇ ਵਿੱਚ ਪੈ ਗਿਆ ਹੈ ਕਿਉਂ ਜੋ ਦਿੱਲੀ ਸਰਕਾਰ ਨੇ ਇਹ ਕਾਨੂੰਨ ਕਿਸਾਨਾਂ ਅਤੇ ਸੂਬਿਆਂ ‘ਤੇ ਜ਼ਬਰਦਸਤੀ ਥੋਪਿਆ ਹੈ। ਉਨ੍ਹਾਂ ਸਾਵਧਾਨ ਕਰਦਿਆਂ ਕਿਹਾ ਕਿ ਛੋਟੇ ਕਿਸਾਨ, ਜੋ ਕਿਸਾਨੀ ਭਾਈਚਾਰੇ ਦਾ 70 ਫੀਸਦੀ ਹਿੱਸਾ ਹਨ, ਪੂਰੀ ਤਰ੍ਹਾਂ ਤਬਾਹ ਹੋ ਜਾਣਗੇ।
ਕਿਸਾਨੀ ਭਾਈਚਾਰੇ ਨੂੰ ਕੋਈ ਨੁਕਸਾਨ ਨਾ ਹੋਣ ਦੇਣ ਦਾ ਵਾਅਦਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਅਤੇ ਇਸ ਦੇ ਕਿਸਾਨਾਂ ਨੂੰ ਲੰਬੇ ਸਮੇਂ ਤੋਂ ਚੱਲੇ ਆ ਰਹੇ ਸੰਘਰਸ਼ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਉਹਨਾਂ ਕਿਸਾਨਾਂ ਨੂੰ ਲੰਬੇ ਅਤੇ ਮੁਸ਼ਕਲ ਭਰੇ ਸੰਘਰਸ਼ ਲਈ ਤਿਆਰ ਰਹਿਣ ਦੀ ਅਪੀਲ ਕੀਤੀ।
ਪੰਜਾਬ ਅਤੇ ਇਸ ਦੇ ਕਿਸਾਨਾਂ, ਜੋ ਭਾਰਤ ਅਤੇ ਇਸ ਦੀ ਜਨਤਾ ਦੀ ਸੁਰੱਖਿਆ ਲਈ ਹਮੇਸ਼ਾ ਤਿਆਰ ਰਹਿੰਦੇ ਰਹੇ ਹਨ, ਨਾਲ ਵਿਤਕਰਾ ਕਰਨ ਲਈ ਮੋਦੀ ਸਰਕਾਰ ‘ਤੇ ਵਰ੍ਹਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੋਵਿਡ ਮਹਾਂਮਾਰੀ ਦੌਰਾਨ ਇਹਨਾਂ ਕਿਸਾਨਾਂ ਨੇ ਕਿਸੇ ਨੂੰ ਵੀ ਭੁੱਖਾ ਨਹੀਂ ਰਹਿਣ ਦਿੱਤਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਇਹ ਖੇਤੀ ਕਾਨੂੰਨ ਮੰਡੀ ਬੋਰਡ ਨੂੰ ਤਬਾਹ ਕਰਨ ਦੇ ਨਾਲ ਨਾਲ ਪੇਂਡੂ ਵਿਕਾਸ ਨੂੰ ਠੱਪ ਕਰ ਦੇਣਗੇ ਅਤੇ ਪੀਡੀਐਸ ਪ੍ਰਣਾਲੀ ਨੂੰ ਵੀ ਖਤਮ ਕਰ ਦੇਣਗੇ ਕਿਉਂਜੋ ਇਹ ਅਡਾਨੀ ਅਤੇ ਅੰਬਾਨੀ ਗਰੀਬਾਂ ਦੀ ਕੋਈ ਵੀ ਪ੍ਰਵਾਹ ਨਹੀਂ ਕਰਨਗੇ।
ਇਸ ਉਪਰੰਤ ਸ੍ਰੀ ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਅਤੇ ਆੜ੍ਹਤੀਆਂ ਨਾਲ ਗੱਲਬਾਤ ਕਰਨ ਲਈ ਦਾਣਾ ਮੰਡੀ ਗਏ ਅਤੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਕਾਂਗਰਸ ਪਾਰਟੀ ਉਨ੍ਹਾਂ ਦੇ ਹੱਕਾਂ ਰਾਖੀ ਲਈ ਹਰ ਲੜਾਈ ਲੜੇਗੀ।
ਸਮਾਣਾ ਦੀ ਅਨਾਜ ਮੰਡੀ ਵਿਖੇ ਹੋਈ ਇਸ ਰੈਲੀ ਵਿੱਚ ਏ.ਆਈ.ਸੀ.ਸੀ ਦੇ ਜਨਰਲ ਸੱਕਤਰ ਹਰੀਸ਼ ਰਾਵਤ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ, ਵਿਧਾਇਕ ਰਜਿੰਦਰ ਸਿੰਘ ਸਮੇਤ ਕਈ ਕੈਬਨਿਟ ਮੰਤਰੀ ਅਤੇ  ਪੰਜਾਬ ਕਾਂਗਰਸ ਦੇ ਸੰਸਦ ਮੈਂਬਰ ਅਤੇ ਵਿਧਾਇਕ ਮੌਜੂਦ ਸਨ। ਇਸ ਰੈਲੀ ਵਿਚ ਵੱਡੀ ਗਿਣਤੀ ਨਰਾਜ ਕਿਸਾਨ, ਆੜ੍ਹਤੀਏ,  ਮਜਦੂਰ ਅਤੇ ਸੈਂਕੜੇ ਆਮ ਲੋਕ ਸ਼ਾਮਲ ਹੋਏ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਸਾਧੂ ਸਿੰਘ ਧਰਮਸੋਤ, ਰਾਣਾ ਗੁਰਮੀਤ ਸਿੰਘ ਸੋਢੀ ਅਤੇ ਵਿਜੇ ਇੰਦਰ ਸਿੰਗਲਾ ਤੋਂ ਇਲਾਵਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਵਿਧਾਇਕ ਹਰਦਿਆਲ ਕੰਬੋਜ, ਮਦਨ ਲਾਲ ਜਲਾਲਪੁਰ, ਨਿਰਮਲ ਸਿੰਘ, ਕੁਲਜੀਤ ਸਿੰਘ ਨਾਗਰਾ ਅਤੇ ਇੰਦੂ ਮਲਹੋਤਰਾ, ਪੰਜਾਬ ਮਹਿਲਾ ਸਮਾਜ ਭਲਾਈ ਬੋਰਡ ਦੇ ਚੇਅਰਪਰਸਨ ਗੁਰਸਰਨ ਕੌਰ ਰੰਧਾਵਾ ਅਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਸਾਮਲ ਸਨ।