ਹੱਡੀਆਂ ਦੇ ਰੋਗਾਂ ਦੇ ਵਿਸ਼ਵ ਪ੍ਰਸਿੱਧ ਡਾਕਟਰ ਸਰਦਾਰ ਜਗਰੂਪ ਸਿੰਘ ਨਮਿਤ ਅੰਤਿਮ ਅਰਦਾਸ 4 ਅਕਤੂਬਰ ਨੂੰ
ਨਿਊਜ਼ ਪੰਜਾਬ
ਲੁਧਿਆਣਾ , 3 ਅਕਤੂਬਰ – ਹੱਡੀਆਂ ਦੇ ਰੋਗਾਂ ਦੇ ਵਿਸ਼ਵ ਪ੍ਰਸਿੱਧ ਡਾਕਟਰ ਸਰਦਾਰ ਜਗਰੂਪ ਸਿੰਘ ਜੋ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਨਮਿਤ ਗੁਰਬਾਣੀ ਦਾ ਕੀਰਤਨ ਅਤੇ ਅੰਤਿਮ ਅਰਦਾਸ 4 ਅਕਤੂਬਰ 2020 ਐਤਵਾਰ ਨੂੰ
ਗੁਰਦੁਵਾਰਾ ਗੁਰੂ ਨਾਨਕ ਦਰਬਾਰ ਪਿੰਡ ਸੰਗੋਵਾਲ ਜਿਲ੍ਹਾ ਲੁਧਿਆਣਾ ਵਿਖੇ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਹੋਵੇਗੀ | ਉਨ੍ਹਾਂ ਦੇ ਸਪੁੱਤਰ ਡਾਕਟਰ ਸਹਿਨਸ਼ੀਲ ਸਿੰਘ ਨਾਲ ਸ਼ਹਿਰ ਵਾਸੀਆਂ ਅਤੇ ਪਤਵੰਤੇ ਵਿਅਕਤੀਆਂ ਨੇ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ |
ਡਾਕਟਰ ਜਗਰੂਪ ਸਿੰਘ ਜੋ ਹੱਡੀਆਂ ਦੇ ਰੋਗਾਂ ਦੇ ਇਲਾਜ਼ ਵਿੱਚ ਪੰਜਾਬ ਭਰ ਵਿੱਚ ਇੱਕ ਵੱਡੀ ਪਹਿਚਾਣ ਰੱਖਦੇ ਸਨ ਉਨ੍ਹਾਂ ਦੇ ਅਚਾਨਕ ਵਿਛੋੜੇ ਕਾਰਨ ਪਰਿਵਾਰ ਤੋਂ ਇਲਾਵਾ ਪੰਜਾਬ ਦੇ ਆਮ ਲੋਕਾਂ ਨੂੰ ਵੀ ਬੜਾ ਵੱਡਾ ਘਾਟਾ ਪਿਆ ਹੈ I ਅੱਜ ਦੇ ਬਦਨਾਮ ਹੋ ਰਹੇ ਡਾਕਟਰੀ ਕਿੱਤੇ ਵਿੱਚ ਆਪਣੀ ਸਾਫ -ਸੁਧਰੀ ਅਤੇ ਸੇਵਾ ਭਾਵਨਾ ਨਾਲ ਇੱਕ ਵੱਖਰੀ ਪਹਿਚਾਣ ਬਣਾ ਚੁੱਕੇ ਡਾਕਟਰ ਜਗਰੂਪ ਸਿੰਘ ਉਨ੍ਹਾਂ ਲੋਕਾਂ ਲਈ ਇੱਕ ਵੱਖਰੀ ਅਤੇ ਸਬਰ ਸੰਤੋਖ ਵਾਲੀ ਮਹਾਨ ਸਖਸ਼ੀਅਤ ਸਨ ਜੋ ਲੋੜਵੰਦ ਅਤੇ ਗਰੀਬ ਮਰੀਜ਼ਾਂ ਨੂੰ ਬਿਨਾ ਫੀਸ ਲਏ ਅਤੇ ਮਹਿੰਗੀਆਂ ਦਵਾਈਆਂ ਵੀ ਆਪਣੇ ਕੋਲੋਂ ਦੇ ਕੇ ਇਲਾਜ਼ ਕਰਦੇ ਸਨ I ਅਨੇਕਾਂ ਥਾਵਾਂ ਤੇ ਮੁਫ਼ਤ ਮੈਡੀਕਲ ਕੈਂਪ ਖਾਸ ਕਰ ਪਿੰਡਾਂ ਵਿੱਚ ਜਿਥੇ ਡਾਕਟਰੀ ਸਹੂਲਤਾਂ ਦੀ ਘਾਟ ਸੀ ਮੁਫ਼ਤ ਕੈਂਪ ਲਾ ਕੇ ਮਰੀਜ਼ਾਂ ਦਾ ਇਲਾਜ਼ ਕਰਦੇ ਸਨ ਅਤੇ ਦਵਾਈਆਂ ਵੰਡ ਕੇ ਲੋਕਾਂ ਨੂੰ ਸਿਹਤ ਪ੍ਰਤੀ ਸੁਚੇਤ ਕਰਦੇ ਸਨ | ਆਈ ਟੀ ਆਈ ਦੇ ਸਾਹਮਣੇ ਗਿੱਲ ਰੋਡ ਲੁਧਿਆਣਾ ਵਿਖੇ ਸਥਿਤ ਜਗਰੂਪ ਹਸਪਤਾਲ ਵਿਖੇ ਮਰੀਜ਼ਾਂ ਨੂੰ ਚੰਗੀ ਅਤੇ ਨੇਕ ਸਲਾਹ ਦੇਣ ਵਾਲੇ ਡਾਕਟਰ ਜਗਰੂਪ ਸਿੰਘ ਦੇ ਹੱਥਾਂ ਵਿੱਚ ਪ੍ਰਮਾਤਮਾਂ ਦੀ ਕਿਰਪਾ ਨਾਲ ਇੰਨੀ ਸ਼ਫ਼ਾ ਸੀ ਕਿ ਉਹ ਹੱਥ ਨਾਲ ਟੱਚ ਕਰਕੇ ਰੋਗ ਦੀ ਸਥਿਤੀ ਦੱਸ ਦਿੰਦੇ ਸਨ ਅਤੇ ਢੁਕਵਾਂ ਇਲਾਜ਼ ਕਰਦੇ ਸਨ | ਉਨ੍ਹਾਂ ਦੀ ਇਲਾਜ਼ ਵਿਧੀ ਅਜਿਹੀ ਸੀ ਕਿ ਇਲਾਜ਼ ਦੌਰਾਨ ਮਰੀਜ਼ ਦਾ ਵਧੇਰੇ ਖਰਚਾ ਨਾ ਹੋਵੇ ਅਤੇ ਜਲਦੀ ਤੰਦਰੁਸਤ ਹੋ ਜਾਵੇ | ਉਨ੍ਹਾਂ ਦੀ ਘਾਟ ਹਮੇਸ਼ਾ ਮਹਿਸੂਸ ਹੁੰਦੀ ਰਹੇਗੀ |