ਘਰਾਂ ‘ਚ ਇਕਾਂਤਵਾਸ ਕੋਵਿਡ-19 ਪਾਜਿਟਿਵ ਮਾਮਲਿਆਂ ਦੀ ਟੈਲੀਫੋਨ ਜਰੀਏ ਹੋਵੇਗੀ ਨਿਰੰਤਰ ਨਿਗਰਾਨੀ

-40 ਸਾਲ ਜਾਂ ਵੱਧ ਉਮਰ ਦੇ ਮਰੀਜਾਂ ਦਾ ਰੱਖਿਆ ਜਾਵੇਗਾ ਖਾਸ ਧਿਆਨ-ਏ.ਡੀ.ਸੀ. ਡਾ. ਯਾਦਵ

 

ਨਿਊਜ਼ ਪੰਜਾਬ

ਪਟਿਆਲਾ, 29 ਸਤੰਬਰ: ਪੰਜਾਬ ਸਰਕਾਰ ਵੱਲੋਂ ਆਪਣੇ ਘਰਾਂ ‘ਚ ਇਕਾਂਤਵਾਸ ਕੋਵਿਡ-19 ਤੋਂ ਪੀੜਤ ਵਿਅਕਤੀਆਂ ਦੀ ਟੈਲੀਫੋਨ ਜਰੀਏ ਲਗਾਤਾਰ ਨਿਗਰਾਨੀ ਕਰਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਜਿਸ ਤਹਿਤ 40 ਸਾਲ ਜਾਂ ਵੱਧ ਉਮਰ ਦੇ ਵਿਅਕਤੀਆਂ ‘ਤੇ ਖਾਸ ਧਿਆਨ ਦਿੱਤਾ ਜਾਵੇਗਾ। ਇਹ ਜਾਣਾਕਰੀ ਦਿੰਦਿਆਂ ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਦੇ ਵਿਸ਼ੇਸ਼ ਸਕੱਤਰ ਸ੍ਰੀ ਅਮਿਤ ਕੁਮਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਕਾਪੀ ਜ਼ਿਲ੍ਹੇ ਦੀ ਘਰੇਲੂ ਇਕਾਂਤਵਾਸ ਨੋਡਲ ਅਫ਼ਸਰ ਪਟਿਆਲਾ ਡਾ. ਨਿਧੀ ਨੂੰ ਭੇਜੀ ਗਈ ਹੈ।
ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਅਰੰਭੇ ਮਿਸ਼ਨ ਫ਼ਤਿਹ ਨੂੰ ਸਫ਼ਲ ਬਣਾਉਣ ਲਈ ਪੰਜਾਬ ਸਰਕਾਰ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ 40 ਸਾਲ ਜਾਂ ਵੱਧ ਉਮਰ ਦੇ ਮਰੀਜਾਂ ਨੂੰ ਫੋਨ ਨੰਬਰ 90419-01590 ਅਤੇ 0172-4071400 ਤੋਂ ਰੋਜ਼ਾਨਾ ਫੋਨ ਕਾਲਾਂ ਆਉਣਗੀਆਂ ਅਤੇ ਉਹ ਕਿਸੇ ਵੀ ਮੈਡੀਕਲ ਸਹਾਇਤਾ ਲਈ 104 ਨੰਬਰ ‘ਤੇ ਸੰਪਰਕ ਕਰ ਸਕਦੇ ਹਨ।
ਡਾ. ਯਾਦਵ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਆਪਣੇ ਘਰਾਂ ‘ਚ ਇਕਾਂਤਵਾਸ ਕੋਵਿਡ ਪਾਜਿਟਿਵ ਮਰੀਜਾਂ ਦੀ ਟੈਲੀਫੋਨ ਜਰੀਏ ਮੋਨੀਟਰਿੰਗ ਲਈ ਐਮ/ਐਸ ਪ੍ਰਾਜੈਕਟ ਸਟੀਫੋਨ ਅਤੇ 104 ਮੈਡੀਕਲ ਹੈਲਪਲਾਈਨ, ਪ੍ਰਾਜੈਕਟ ਚਲਾਇਆ ਜਾ ਰਿਹਾ ਹੈ। ਇਸ ‘ਚ ਮਰੀਜਾਂ ਦੀ ਪ੍ਰਾਜੈਕਟ ਸਟੀਫੋਨ ਡਾਕਟਰਾਂ ਜਾਂ ਸਿਹਤ ਵਿਭਾਗ ਵੱਲੋਂ ਰਜਿਸਟਰੇਸ਼ਨ ਕੀਤੇ ਜਾਣ ਸਮੇਂ ਜਾਣਕਾਰੀ ਹਾਸਲ ਕਰ ਲਈ ਜਾਂਦੀ ਹੈ। ਇਸ ਤੋਂ ਬਾਅਦ ਆਈ.ਵੀ.ਆਰ.ਐਸ ਕਾਲ ਰਾਹੀਂ ਮਰੀਜ ਦਾ ਰਿਕਾਰਡ ਰੋਜ਼ਾਨਾ ਲਿਆ ਜਾਂਦਾ ਹੈ, ਜਿਸ ‘ਚ ਫਲੂ ਦੇ ਲੱਛਣ, ਬੁਖ਼ਾਰ, ਸਾਹ ਸਬੰਧੀਂ ਮੁਸ਼ਕਿਲਾਂ ਜਾਂ ਸਿਹਤ ਦੀ ਕੋਈ ਹੋਰ ਸਮੱਸਿਆ, ਸ਼ਾਮਲ ਹਨ।
ਇਸ ਦੌਰਾਨ ਜੇਕਰ ਕਿਸੇ ਮਰੀਜ ਨੂੰ ਕੋਈ ਨਵਾਂ ਲੱਛਣ ਸਾਹਮਣੇ ਆਉਂਦਾ ਹੈ ਤਾਂ ਉਸ ਨੂੰ ਡਾਕਟਰ ਵੱਲੋਂ ਸੰਪਰਕ ਕੀਤਾ ਜਾਂਦਾ ਹੈ ਤੇ ਉਸ ਦਾ ਮੁਲੰਕਣ ਕੀਤਾ ਜਾਂਦਾ ਹੈ ਅਤੇ ਮਰੀਜ ਦੇ ਲੱਛਣਾਂ ਮੁਤਾਬਕ ਉਸਨੂੰ ਜ਼ਿਲ੍ਹਾ ਨੋਡਲ ਅਫ਼ਸਰ ਅਤੇ ਸਿਹਤ ਵਿਭਾਗ ਦੇ ਜ਼ਿਲ੍ਹਾ ਕੰਟਰੋਲ ਰੂਮ ਰਾਹੀਂ ਹਸਪਤਾਲ ‘ਚ ਭੇਜਣ ਬਾਰੇ ਫੈਸਲਾ ਲਿਆ ਜਾਂਦਾ ਹੈ। ਇਸ ਤੋਂ ਇਲਾਵਾ ਜੇਕਰ ਮਰੀਜ 3 ਵਾਰ ਤੋਂ ਜਿਆਦਾ ਫੋਨ ਨਹੀਂ ਚੁਕਦਾ ਤਾਂ ਵੀ ਇਸਦੀ ਸੂਚਨਾ ਤੁਰੰਤ ਨੋਡਲ ਅਫ਼ਸਰ ਨੂੰ ਦਿੱਤੀ ਜਾਂਦੀ ਹੈ। ਘਰੇਲੂ ਇਕਾਂਤਵਾਸ ਦੌਰਾਨ ਇਨ੍ਹਾਂ ਕਾਲਾਂ ਨੂੰ ਗੁਣਵਤਾ ਸੁਧਾਰ ਲਈ ਰਿਕਾਰਡ ਵੀ ਕੀਤਾ ਜਾਂਦਾ ਹੈ।
ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਇਸ ਸਬੰਧੀਂ ਲਗਾਏ ਗਏ ਨੋਡਲ ਅਫ਼ਸਰ ਵੱਲੋਂ ਪ੍ਰਾਜੈਕਟ ਸਟੀਫੋਨ ਅਤੇ 104 ਨਾਲ ਤਾਲਮੇਲ ਜਰੀਏ ਸਾਰੇ ਮਰੀਜਾਂ ਦਾ ਡਾਟਾ ਇਕੱਤਰ ਕੀਤਾ ਜਾਂਦਾ ਹੈ ਅਤੇ ਇਨ੍ਹਾਂ ਦੀ ਵਿਸ਼ੇਸ਼ ਮੋਨੀਟਰਿੰਗ ਕੀਤੀ ਜਾਂਦੀ ਹੈ। ਜਦੋਂ ਅਜਿਹਾ ਮਰੀਜ ਆਪਣੇ ਘਰੇਲੂ ਇਕਾਂਤਵਾਸ ‘ਚ ਨਾ ਹੋਵੇ, ਫੋਨ ਨੰਬਰ ਨਾ ਮਿਲੇ, ਮਰੀਜ ਤਿੰਨ ਵਾਰ ਸੰਪਰਕ ਕਰਨ ਤੋਂ ਬਾਅਦ ਨਾ ਕੋਈ ਸਹਿਯੋਗ ਨਾ ਕਰੇ ਤਾਂ ਰੈਪਿਡ ਰਿਸਪਾਂਸ ਟੀਮਾਂ ਨੂੰ ਭੇਜ ਕੇ ਚੈਕਿੰਗ ਕਰਵਾਈ ਜਾ ਸਕਦੀ ਹੈ। ਇਸ ਤੋਂ ਬਿਨ੍ਹਾਂ ਜੇਕਰ ਮੈਡੀਕਲ ਹੈਲਪਲਾਈਨ 104 ‘ਤੇ ਹੰਗਾਮੀ ਸਥਿਤੀ ‘ਚ ਕਾਲ ਆਵੇ ਤਾਂ ਮਰੀਜ ਨੂੰ ਨਿਰਧਾਰਤ ਸਿਹਤ ਸਹੂਲਤ ‘ਚ ਤਬਦੀਲ ਕੀਤਾ ਜਾਂਦਾ ਹੈ।