ਮੋਗਾ ਵਿੱਚ ਹਥਿਆਰਬੰਦ ਲੁਟੇਰਿਆਂ ਦੇ ਖ਼ਤਰਨਾਕ ਗਿਰੋਹ ਦਾ ਪਰਦਾਫਾਸ਼ ਗਿਰੋਹ ਵੱਲੋਂ ਹਥਿਆਰਬੰਦ ਲੁੱਟਾਂ-ਖੋਹਾਂ ਅਤੇ ਕਾਰ ਖੋਹਣ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਦੀ ਬਣਾਈ ਜਾ ਰਹੀ ਸੀ ਯੋਜਨਾ: ਡੀਜੀਪੀ ਗੁਪਤਾ

ਨਿਊਜ਼ ਪੰਜਾਬ
ਮੋਗਾ, 29 ਸਤੰਬਰ  : ਪੰਜਾਬ ਪੁਲਿਸ ਨੇ ਮੋਗਾ ਵਿੱਚ ਹਥਿਆਰਬੰਦ ਲੁਟੇਰਿਆਂ ਦੇ ਇੱਕ ਖ਼ਤਰਨਾਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਮੋਗਾ ਕਸਬੇ ਵਿੱਚ ਹਥਿਆਰਬੰਦ ਲੁੱਟਾਂ-ਖੋਹਾਂ ਅਤੇ ਕਾਰ ਖੋਹਣ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਦੀਆਂ ਯੋਜਨਾਵਾਂ ਬਣਾ ਰਹੇ ਸਨ। ਪੁਲਿਸ ਨੇ ਇਸ ਗਿਰੋਹ ਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਗਿਰੋਹ ਦੇ ਮੈਂਬਰਾਂ ਕੋਲੋਂ ਚੋਰੀ ਕੀਤੀ ਕਾਰ ਅਤੇ ਮੋਟਰਸਾਈਕਲ ਤੋਂ ਇਲਾਵਾ 2 ਦੇਸੀ ਪਿਸਤੌਲ .315 ਬੋਰ ਅਤੇ .32 ਬੋਰ ਬਰਾਮਦ ਕੀਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਇਸ ਗਿਰੋਹ ਨੇ ਪਿਛਲੇ ਸਮੇਂ ਦੌਰਾਨ ਮਾਲਵਾ ਖੇਤਰ ਦੇ ਜ਼ਿਲ੍ਹਿਆਂ ਵਿੱਚ ਵੱਡੀ ਗਿਣਤੀ ਹਥਿਆਰਬੰਦ ਲੁੱਟਾਂ ਅਤੇ ਡਕੈਤੀਆਂ ਕੀਤੀਆਂ ਸਨ। ਜਾਂਚ ਜਾਰੀ ਸੀ ਅਤੇ ਪੁਲਿਸ ਗਿਰੋਹ ਦੇ ਬਾਕੀ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਦੇ ਯਤਨ ਕਰ ਰਹੀ ਸੀ।
ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਮੋਗਾ ਪੁਲਿਸ ਵੱਲੋਂ ਇਸ ਗਿਰੋਹ ਦੇ ਗ੍ਰਿਫਤਾਰ ਕੀਤੇ 6 ਮੁਲਜ਼ਮਾਂ ਵਿੱਚ ਕੁਲਵਿੰਦਰ ਸਿੰਘ ਉਰਫ ਕਿੰਦਾ ਵਾਸੀ ਪਿੰਡ ਦਾਤਾ, ਗੁਰਜੀਵਨ ਸਿੰਘ ਉਰਫ ਜੁਗਨੂੰ ਵਾਸੀ ਪਿੰਡ ਸਿੰਘਾਂਵਾਲਾ, ਧਰਮਕੋਟ ਦਾ ਅਕਾਸ਼ਦੀਪ ਸਿੰਘ ਉਰਫ ਮਨੀ, ਸਲੀਮ ਖਾਨ ਉਰਫ਼ ਸਿੰਮੂ, ਕ੍ਰਿਸ਼ਨ ਬਾਂਸਲ ਉਰਫ਼ ਗਗਨਾ ਅਤੇ ਮਨਵੀਰ ਸਿੰਘ ਉਰਫ਼ ਮਨੀ (ਸਾਰੇ ਵਾਸੀ ਮੌੜ ਮੰਡੀ) ਸ਼ਾਮਲ ਹਨ। ਪੁਲਿਸ ਵੱਲੋਂ ਦੋਸ਼ੀਆਂ ਖਿਲਾਫ਼ ਆਈ.ਪੀ.ਸੀ. ਦੀ ਧਾਰਾ 399, 402 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਐਫਆਈਆਰ ਨੰ. 160 ਪੁਲੀਸ ਥਾਣਾ ਮੋਗਾ ਵਿਖੇ ਦਰਜ ਕੀਤੀ ਗਈ ਹੈ।
ਸ੍ਰੀ ਗੁਪਤਾ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਇੱਕ ਰਿਟਜ਼ ਕਾਰ (ਪੀ.ਬੀ.-10-ਈ.ਏ.-4789) ਜੋ ਉਨ੍ਹਾਂ ਨੇ ਕੁਲਵੰਤ ਸਿੰਘ ਨਾਮੀ ਵਿਅਕਤੀ ਕੋਲੋਂ ਪੁਲੀਸ ਥਾਣਾ ਦਾਖਾ ਅਧੀਨ ਪੈਂਦੇ ਇਲਾਕੇ ਵਿੱਚੋਂ ਖੋਹੀ ਸੀ ਅਤੇ ਇਸਦੇ ਨਾਲ ਹੀ ਬਿਨਾਂ ਨੰਬਰ ਪਲੇਟ ਦੇ ਚੋਰੀ ਦਾ ਬਜਾਜ ਪਲਸਰ ਮੋਟਰਸਾਈਕਲ ਵੀ ਬਰਾਮਦ ਹੋਇਆ ਹੈ।
ਉਨਾ ਦੱਸਿਆ ਕਿ ਜਾਂਚ ਦੌਰਾਨ ਗਿਰੋਹ ਦੇ ਮੈਂਬਰਾਂ ਨੇ ਕਬੂਲ ਕੀਤਾ ਹੈ ਕਿ ਉਨ੍ਹਾਂ ਨੇ ਪੁਰਾਣੀ ਅਨਾਜ ਮੰਡੀ, ਮੋਗਾ ਦੇ ਖੇਤਰ ਵਿੱਚ ਇੱਕ ਹਥਿਆਰਬੰਦ ਲੁੱਟ ਦੀ ਕੋਸ਼ਿਸ਼ ਕੀਤੀ ਸੀ ਅਤੇ ਇੱਕ ਚੌਲ ਵਪਾਰੀ ਦੇ ਏਜੰਟ ਰਾਜੇਸ਼ ਕੁਮਾਰ ਨੂੰ ਜ਼ਖ਼ਮੀ ਕਰ ਦਿੱਤਾ ਸੀ। ਪੀੜਤ ਵਿਅਕਤੀ ਦੇ ਪੇਟ ਵਿਚ ਗੋਲੀ ਲੱਗੀ ਸੀ। ਇਸ ਤੋਂ ਬਾਅਦ, ਪੁਲਿਸ ਨੇ ਪਿੰਡ ਸਮਾਲਸਰ ਦੇ ਇਲਾਕੇ ਤੋਂ ਇੱਕ ਲਾਵਾਰਿਸ ਨੁਕਸਾਨੀ ਚਿੱਟੇ ਰੰਗ ਦੀ ਸਕਾਰਪੀਓ (ਰਜਿਸਟ੍ਰੇਸ਼ਨ ਨੰਬਰ ਪੀਬੀ -10 ਐਨ-2859) ਵੀ ਬਰਾਮਦ ਕੀਤੀ। ਵਾਹਨ ਦੀ ਤਲਾਸ਼ੀ ਲੈਣ `ਤੇ ਕਾਰ ਦੇ ਅੰਦਰੋਂ ਇਕ ਦੇਸੀ .315 ਬੋਰ ਦੀ ਪਿਸਤੌਲ ਬਰਾਮਦ ਹੋਈ ਸੀ। ਇਹ ਵਾਹਨ ਇਸ ਗਿਰੋਹ ਦੇ ਮੈਂਬਰ ਪਿੰਡ ਮਹਿਣਾ ਦੇ ਸਵਰਨਜੀਤ ਸਿੰਘ ਦਾ ਸੀ। ਉਸ ਦਿਨ, ਗਿਰੋਹ ਦੇ ਮੈਂਬਰ ਵਾਹਨ ਦੇ ਅੰਦਰ ਨਸ਼ਾ ਕਰ ਰਹੇ ਸਨ ਜਿਸ ਦੌਰਾਨ ਵਾਹਨ ਦਾ ਕੰਟਰੋਲ ਗੁਆਉਣ ਤੋਂ ਬਾਅਦ ਇਹ ਹਾਦਸਾਗ੍ਰਸਤ ਹੋ ਗਈ। ਸਥਾਨਕ ਪਿੰਡ ਵਾਸੀ ਮੌਕੇ `ਤੇ ਇਕੱਠੇ ਹੋਏ ਅਤੇ ਗਿਰੋਹ ਦੇ ਮੈਂਬਰ ਡਰ ਕਾਰਨ ਆਪਣਾ ਵਾਹਨ ਛੱਡ ਕੇ ਉੱਥੋਂ ਭੱਜ ਗਏ।
ਉਨ੍ਹਾਂ ਖ਼ੁਲਾਸਾ ਕੀਤਾ ਕਿ ਗਿਰੋਹ ਦਾ ਇੱਕ ਮੈਂਬਰ ਸੁਖਦੂਲ ਸਿੰਘ ਉਰਫ਼ ਸੁੱਖਾ ਵਾਸੀ ਪਿੰਡ ਦੁੰਨੇਕੇ, ਮੋਗਾ ਜੋ ਇੱਕ ਖ਼ਤਰਨਾਕ ਅਤੇ ਭਗੌੜਾ ਅਪਰਾਧੀ ਹੈ, ਇਸ ਵੇਲੇ ਕਨੇਡਾ ਵਿੱਚ ਵਸਿਆ ਹੋਇਆ ਹੈ ਜਿਸਨੇ ਸਤਨਾਮ ਸਿੰਘ ਵਾਸੀ ਲੰਡੇ, ਪੁਲੀਸ ਥਾਣਾ ਸਮਾਲਸਰ ਕੋਲੋਂ 25 ਲੱਖ ਰੁਪਏ ਦੀ ਫ਼ਿਰੌਤੀ ਮੰਗੀ ਸੀ। ਹਾਲਾਂਕਿ, ਸਤਨਾਮ ਸਿੰਘ ਨੇ ਉਨ੍ਹਾਂ ਦੀ ਕੋਈ ਮੰਗ ਨਹੀਂ ਮੰਨੀ। ਇਸ ਲਈ, ਗਿਰੋਹ ਦੇ ਮੈਂਬਰਾਂ ਨੇ ਉਸ ਨੂੰ ਡਰਾਉਣ ਲਈ ਉਸਦੀ ਸਵਿਫਟ ਡਿਜ਼ਾਇਰ ਕਾਰ (ਰਜਿਸਟ੍ਰੇਸ਼ਨ ਨੰਬਰ ਪੀਬੀ 29-ਐਕਸ-8811) `ਤੇ ਗੋਲੀਆਂ ਚਲਾਈਆਂ ਸਨ।