ਪੰਜਾਬ ਪੁਲੀਸ ਵੱਲੋਂ ਦੋ ਖ਼ਤਰਨਾਕ ਤਸਕਰਾਂ ਦੀ ਗ੍ਰਿਫ਼ਤਾਰੀ ਨਾਲ ਪਾਕਿਸਤਾਨ ਤੋਂ ਸਮਰਥਨ ਪ੍ਰਾਪਤ ਨਸ਼ਾ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼- 13 ਕਿਲੋ ਹੈਰੋਇਨ ਦੀ ਖੇਪ ਬਰਾਮਦ

ਬੀ.ਐਸ.ਐਫ. ਨਾਲ ਕੀਤੇ ਸਾਂਝੇ ਆਪਰੇਸ਼ਨ ਵਿੱਚ ਦੋਵੇਂ ਤਸਕਰਾਂ ਪਾਸੋਂ 13 ਕਿਲੋ ਹੈਰੋਇਨ ਦੀ ਖੇਪ ਬਰਾਮਦ, ਤੀਸਰੇ ਸਾਥੀ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ
ਨਿਊਜ਼ ਪੰਜਾਬ
ਤਰਨਤਾਰਨ, 24 ਸਤੰਬਰ: ਇੱਕ ਖੁਫ਼ੀਆ ਆਪਰੇਸ਼ਨ ਵਿੱਚ ਪੰਜਾਬ ਪੁਲਿਸ ਨੇ ਸ਼ੁੱਕਰਵਾਰ ਨੂੰ ਤਰਨਤਾਰਨ ਦੇ ਖੇਮਕਰਨ ਸੈਕਟਰ ਵਿੱਚ ਅੰਤਰਰਾਸ਼ਟਰੀ ਸਰਹੱਦ ਕੋਲੋਂ ਪਾਕਿਸਤਾਨ ਤੋਂ ਸਮਰਥਨ ਪ੍ਰਾਪਤ ਦੋ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 13 ਕਿਲੋ ਹੈਰੋਇਨ ਦੀ ਖੇਪ ਬਰਾਮਦ ਕੀਤੀ ਗਈ। ਉਨ੍ਹਾਂ ਦੇ ਤੀਜੇ ਸਾਥੀ ਦੀ ਗਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਜਾਣਕਾਰੀ ਦਿੰਦਿਆਂ ਡੀਜੀਪੀ ਪੰਜਾਬ ਸ੍ਰੀ ਦਿਨਕਰ ਗੁਪਤਾ ਨੇ ਦੱਸਿਆ ਕਿ ਜ਼ੋਰਾ ਸਿੰਘ ਅਤੇ ਉਸ ਦੇ ਸਾਥੀ ਰਣਜੀਤ ਸਿੰਘ ਉਰਫ ਰਾਣਾ ਸਿੰਘ, ਜੋ ਕਿ ਸੂਬੇ ਭਰ ਵਿੱਚ ਡਰੱਗ ਸਿੰਡੀਕੇਟਜ਼ ਅਤੇ ਸਪਲਾਇਰਾਂ ਨੂੰ ਖੇਪ ਪਹੁੰਚਾਉਣ ਦੀ ਯੋਜਨਾ ਬਣਾ ਰਹੇ ਸਨ, ਦੀ ਗ੍ਰਿਫਤਾਰੀ ਨਾਲ ਪੰਜਾਬ ਵਿੱਚ ਆਪਰੇਟ ਕਰ ਰਹੇ ਨਸ਼ਾ ਤਸਕਰਾਂ ਅਤੇ ਉਨ੍ਹਾਂ ਦੇ ਪਾਕਿਸਤਾਨੀ ਹੈਂਡਲਰਾਂ ਵਿਚਲੀ ਗੰਢਤੁੱਪ ਉਜਾਗਰ ਹੋਈ ਹੈ।
ਇਹ ਸਾਰੀ ਕਾਰਵਾਈ ਧਰੂਮਨ ਨਿੰਬਲੇ, ਐਸਐਸਪੀ ਤਰਨ ਤਾਰਨ ਦੀ ਅਗਵਾਈ ਵਾਲੀ ਟੀਮ ਵੱਲੋਂ ਕੀਤੀ ਗਈ ਜਿਸ ਵਿੱਚ ਐਸਪੀ /ਨਾਰਕੋਟਿਕਸ, ਡੀਐਸਪੀ /ਭਿਖੀਵਿੰਡ, ਇੰਚਾਰਜ ਨਾਰਕੋਟਿਕਸ, ਐਸਐਚਓ ਖੇਮਕਰਨ ਅਤੇ ਐਸਐਚਓ ਸਰਾਏ ਅਮਾਨਤ ਖਾਨ ਮੈਂਬਰ ਸਨ। ਇਸ ਕੇਸ ਵਿਚ ਐਨ.ਡੀ.ਪੀ.ਐਸ. ਐਕਟ ਦੀ ਧਾਰਾ 21,29 ਤਹਿਤ ਐਫਆਈਆਰ ਨੰ. 141 ਮਿਤੀ 24-09-2020 ਪੁਲੀਸ ਥਾਣਾ ਖੇਮਕਰਨ ਵਿਖੇ ਦਰਜ ਕੀਤੀ ਗਈ ਹੈ।
ਉਂਨਾਂ ਕਿਹਾ ਕਿ ਤਰਨ ਤਾਰਨ ਪੁਲਿਸ ਨੂੰ ਜੋਰਾ ਸਿੰਘ ਪੁੱਤਰ ਬਗੀਚਾ ਸਿੰਘ ਵਾਸੀ ਮਹੱਦੀਪੁਰ, ਪੁਲੀਸ ਥਾਣਾ ਖੇਮਕਰਨ ਬਾਰੇ ਵਿਸ਼ੇਸ਼ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਉਸ ਦੀਆਂ ਗਤੀਵਿਧੀਆਂ`ਤੇ ਨਜ਼ਰ ਰੱਖੀ ਗਈ। ਉਸਨੂੰ ਅਗਸਤ 2019 ਵਿੱਚ ਸ਼ੱਕੀ ਗਤੀਵਿਧੀਆਂ ਲਈ ਕੌਮਾਤਰੀ ਸਰਹੱਦ ਨੇੜੇ ਸੁਰੱਖਿਆ ਏਜੰਸੀਆਂ ਨੇ ਗ੍ਰਿਫਤਾਰ ਵੀ ਕੀਤਾ ਸੀ ਜੋ ਹੁਣ ਮਾਰਚ 2020 ਤੋਂ ਜ਼ਮਾਨਤ`ਤੇ ਹੈ। ਉਸਦੇ ਖਿਲਾਫ ਪਹਿਲਾਂ ਹੀ ਨਸ਼ਾ ਤਸਕਰੀ ਲਈ ਚਾਰ ਮੁਕੱਦਮੇ ਦਰਜ ਹਨ, ਜਿਸ ਵਿੱਚ ਉਸਤੋਂ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਹੋਏ ਸਨ। ਉਸਨੇ ਆਮਦਨ ਦੇ ਬਿਨਾਂ ਕਿਸੇ ਕਾਨੂੰਨੀ ਸਰੋਤਾਂ ਤੋਂ ਕਈ ਜਾਇਦਾਦਾਂ ਵੀ ਬਣਾਈਆਂ ਸਨ।
ਸ੍ਰੀ ਗੁਪਤਾ ਨੇ ਦੱਸਿਆ ਕਿ ਮੁੱਢਲੀ ਪੜਤਾਲ ਤੋਂ ਪਤਾ ਲੱਗਾ ਹੈ ਕਿ ਜੋਰਾ ਸਿੰਘ ਆਪਣੇ ਦੋ ਸਾਥੀਅ ਪਵਨਦੀਪ ਸਿੰਘ ਅਤੇ ਰਣਜੀਤ ਸਿੰਘ ਉਰਫ਼ ਰਾਣਾ ਸਿੰਘ ਨਾਲ ਮਿਲ ਕੇ ਪਾਕਿਸਤਾਨ ਅਧਾਰਤ ਤਸਕਰਾਂ ਦੇ ਸੰਪਰਕ ਵਿੱਚ ਸੀ ਅਤੇ ਬੀਓਪੀ/ ਰੱਤੋਕੇ, ਬੀਐਸਐਫ (ਥਾਣਾ ਖੇਮਕਰਨ) ਦੇ ਖੇਤਰ ਵਿੱਚੋਂ ਪਾਕਿਸਤਾਨ ਵਾਲੇ ਪਾਸਿਓਂ ਇੱਕ ਹੈਰੋਇਨ ਦੀ ਖੇਪ ਖਰੀਦਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਨ੍ਹਾਂ ਨੇ ਕੌਮਾਂਤਰੀ ਸਰਹੱਦ ਤੇ ਪਿੰਡ ਰਤੋਕੇ, ਥਾਣਾ ਖੇਮਕਰਨ ਨੇੜੇ ਵੀ ਚੈਕਿੰਗ ਕੀਤੀ ਸੀ।
ਜਾਂਚ ਦੌਰਾਨ ਰਣਜੀਤ ਸਿੰਘ ਉਰਫ ਰਾਣਾ ਸਿੰਘ ਵਾਸੀ ਹਵੇਲੀਆਂ, ਥਾਣਾ ਸਰਾਏ ਅਮਾਨਤ ਖਾਂ (ਤਰਨ ਤਾਰਨ) ਨੇ ਕਬੂਲ ਕੀਤਾ ਕਿ ਉਸਨੇ ਹੈਰੋਇਨ ਦੀ ਖੇਪ ਦੀ ਸਪੁਰਦਗੀ ਹਾਸਲ ਕੀਤੀ ਸੀ ਜੋ ਪਾਕਿਸਤਾਨ ਤੋਂ ਬੀਓਪੀ ਰੱਤੋਕੇ ਦੇ ਖੇਤਰ ਵਿੱਚ ਪਹੁੰਚਣੀ ਸੀ। ਬੀਐਸਐਫ ਨਾਲ ਤੁਰੰਤ ਸੰਪਰਕ ਕਰਕੇ ਉਹਨਾਂ ਦਾ ਸਹਿਯੋਗ ਲਿਆ ਗਿਆ ਅਤੇ ਭਾਰਤ-ਪਾਕਿ ਸਰਹੱਦ ਦੀ ਜ਼ੀਰੋ ਲਾਈਨ ਤੋਂ ਲਗਭਗ 50 ਮੀਟਰ ਦੀ ਦੂਰੀ ‘ਤੇ ਹੈਰੋਇਨ ਦੀ ਬਰਾਮਦਗੀ ਕੀਤੀ ਗਈ।
ਰਣਜੀਤ ਸਿੰਘ ਉਰਫ਼ ਰਾਣਾ ਸਿੰਘ ਪੁੱਤਰ ਹਰਨਾਮ ਵਾਸੀ ਸਰਾਏ ਅਮਾਨਤ ਖਾਂ ਖਿਲਾਫ ਤਿੰਨ ਐਫਆਈਆਰਜ਼ ਦਰਜ ਹਨ ਅਤੇ ਉਹ 14-10-2014  ਤੋਂ ਜ਼ਮਾਨਤ ‘ਤੇ ਰਿਹਾਅ ਸੀ। ਪਵਨਦੀਪ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਸਿਧਵਾਂ, ਥਾਣਾ ਖਾਲੜਾ ਖਿਲਾਫ ਨਸ਼ਿਆਂ ਦੀ ਤਸਕਰੀ ਵਿੱਚ ਸ਼ਾਮਲ ਹੋਣ ਕਰਕੇ ਪਹਿਲਾਂ ਹੀ ਦੋ ਐਫਆਈਆਰਜ਼ ਦਰਜ ਹਨ ਅਤੇ ਉਹ 20-02-2018 ਤੋਂ ਜ਼ਮਾਨਤ ’ਤੇ ਰਿਹਾਅ ਸੀ।
—————-