ਪੰਜਾਬ ਸਰਕਾਰ ਨੇ 60 ਸਾਲ ਤੋਂ ਘੱਟ ਉਮਰ ਦੇ ਡਾਕਟਰਾਂ ਦੀਆਂ ਸੇਵਾਵਾਂ ਵਿਚ 1 ਅਕਤੂਬਰ ਤੋਂ 3 ਮਹੀਨੇ ਦਾ ਕੀਤਾ ਵਾਧਾ

ਨਿਊਜ਼ ਪੰਜਾਬ
ਚੰਡੀਗੜ, 23 ਸਤੰਬਰ: ਪੰਜਾਬ ਸਰਕਾਰ ਵਲੋਂ ਅੱਜ 60 ਸਾਲ ਤੋਂ ਘੱਟ ਉਮਰ ਦੇ ਡਾਕਟਰਾਂ ਦੀਆਂ ਸੇਵਾਵਾਂ ਵਿਚ 1 ਅਕਤੂਬਰ, 2020 ਤੋਂ 3 ਮਹੀਨੇ ਦਾ ਵਾਧਾ ਕੀਤਾ ਗਿਆ ਹੈ।
ਇਹ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਪੰਜਾਬ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਕੋਵਿਡ-19 ਦੇ ਮੱਦੇਨਜ਼ਰ, ਸਾਰੇ ਡਾਕਟਰਾਂ, ਜਿਹਨਾਂ ਦੀ ਉਮਰ 58 ਸਾਲ ਹੈ ਅਤੇ 60 ਸਾਲ ਤੋਂ ਘੱਟ ਹੈ, ਦੀਆਂ ਸੇਵਾਵਾਂ ਵਿਚ 1 ਅਕਤੂਬਰ, 2020 ਤੋਂ 31 ਦਸੰਬਰ, 2020 ਤੱਕ 3 ਮਹੀਨੇ ਦਾ ਵਾਧਾ ਕੀਤਾ ਗਿਆ ਹੈ। ਉਨਾਂ ਕਿਹਾ ਕਿ ਇਸ ਤੋਂ ਪਹਿਲਾਂ ਇਹ ਵਾਧਾ 1 ਅਪ੍ਰੈਲ 2020 ਤੋਂ 30 ਸਤੰਬਰ 2020 ਤੱਕ ਕੀਤਾ ਜਾ ਚੁੱਕਾ ਹੈ।
ਸਿਹਤ ਮੰਤਰੀ ਨੇ ਸਪੱਸ਼ਟ ਕੀਤਾ ਕਿ 30 ਸਤੰਬਰ, 2020 ਤੱਕ 60 ਸਾਲ ਦੀ ਉਮਰ ਪੂਰੀ ਕਰ ਚੁੱਕੇ ਸਾਰੇ ਡਾਕਟਰ ਸੇਵਾਮੁਕਤ ਹੋਣਗੇ। ਸਾਰੇ ਮਾਹਰ ਡਾਕਟਰ ਜੋ ਸੇਵਾਮੁਕਤ ਹੋਣਗੇ, ਉਹ ਨਿਯਮਾਂ ਅਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੁੜ ਸੇਵਾਵਾਂ ਨਿਭਾਉਣ ਦੀ ਚੋਣ ਕਰ ਸਕਦੇ ਹਨ।
———