ਪੰਜਾਬ ਸਰਕਾਰ ਵੱਲੋਂ ਸਕੂਲੀ ਵਿਦਿਆਰਥੀਆਂ ਲਈ ਸਰੀਰਕ ਸਿੱਖਿਆ ਨਾਲ ਸਬੰਧਿਤ ਕਿਰਿਆਵਾਂ ਜ਼ਰੂਰੀ ਕਰਨ ਦਾ ਫ਼ੈਸਲਾ

ਨਿਊਜ਼ ਪੰਜਾਬ
ਚੰਡੀਗੜ, 21 ਸਤੰਬਰ
ਪੰਜਾਬ ਸਰਕਾਰ ਨੇ ਸਕੂਲੀ ਵਿਦਿਆਰਥੀਆਂ ਲਈ ਸਰੀਰਕ ਸਿੱਖਿਆ ਨਾਲ ਸਬੰਧਿਤ ਕਿਰਿਆਵਾਂ ਜ਼ਰੂਰੀ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਨਿਰਣਾ ਕੋਵਿਡ-19 ਤੋਂ ਬਾਅਦ ਸਕੂਲ ਖੁਲਣ ’ਤੇ ਲਾਗੂ ਹੋਵੇਗਾ।
ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਦੇ ਅਨੁਸਾਰ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਵੱਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਡਾਇਰੈਕਟਰ ਐਸ.ਸੀ.ਈ.ਆਰ.ਟੀ. ਨੇ ਇਸ ਸਬੰਧ ਵਿੱਚ ਸਮੂਹ ਜ਼ਿਲਾ ਸਿੱਖਿਆ ਅਫਸਰਾਂ ਅਤੇ ਸਕੂਲ ਮੁਖੀਆਂ ਨੂੰ ਪੱਤਰ ਜਾਰੀ ਕਰ ਦਿੱਤਾ ਹੈ। ਬੁਲਾਰੇ ਦੇ ਅਨੁਸਾਰ ਪਹਿਲੀ ਤੋਂ ਲੈ ਕੇ ਬਾਹਰਵੀਂ ਤੱਕ ਦੇ ਵਿਦਿਆਰਥੀਆਂ ਲਈ ਸਰੀਰਕ ਕਿਰਿਆਵਾਂ ਵਾਸਤੇ ਵੱਖ ਵੱਖ  ਖੇਡਾਂ ਸ਼ਾਮਲ ਕੀਤੀਆਂ ਗਈਆਂ ਹਨ। ਇਨਾਂ ਸਰੀਰਕ ਕਿਰਿਆਵਾਂ ਦੇ ਨਾਲ ਵਿਦਿਆਰਥੀਆਂ ਦਾ ‘ਖੇਡੋ ਪੰਜਾਬ, ਵਧੋ ਪੰਜਾਬ’ ਹੇਠ ਮੁਕੰਮਲ ਜਾਂਚ ਮੁਲਾਂਕਣ ਦਾ ਟੈਸਟ ਲਿਆ ਜਾਇਆ ਕਰੇਗਾ।
ਬੁਲਾਰੇ ਦੇ ਅਨੁਸਾਰ ਵਿਦਿਆਰਥੀਆਂ ਲਈ ਸਰੀਰਕ ਕਿਰਿਆਵਾਂ ਸ਼ੁਰੂ ਕਰਨ ਦਾ ਉਦੇਸ਼ ਉਨਾਂ ਦੇ ਅੰਦਰ ਛੁਪੀ ਪ੍ਰਤੀਭਾ ਨੂੰ ਪਹਿਚਾਣਨਾ, ਉਨਾਂ ਦੇ ਸਰਵ ਪੱਖੀ ਵਿਕਾਸ ਨੂੰ ਯਕੀਨੀ ਬਨਾਉਣਾ ਅਤੇ ਉਨਾਂ ਨੂੰ ਸਹੀ ਦਿਸ਼ਾ ਪ੍ਰਦਾਨ ਕਰਨਾ ਹੈ। ਇਸ ਦਾ ਮਕਸਦ ਪ੍ਰਤੀਭਾਸ਼ਾਲੀ ਖਿਡਾਰੀਆਂ ਦੀ ਚੋਣ ਕਰਕੇ ਉਨਾਂ ਨੂੰ ਖੇਡਾਂ ਸਬੰਧੀ ਉੱਚ ਪੱਧਰੀ ਪਲੇਟ ਫਾਰਮ ਪ੍ਰਦਾਨ ਕਰਨਾ ਵੀ ਹੈ। ਬੁਲਾਰੇ ਅਨੁਸਾਰ ਇਨਾਂ ਸਰੀਰਕ ਕਿਰਿਆਵਾਂ ਨਾਲ ਵਿਦਿਆਰਥੀ ਸਰੀਰਕ ਤੌਰ ’ਤੇ ਤੰਦਰੁਸਤ ਹੋਣ ਦੇ ਨਾਲ ਨਾਲ ਉਨਾਂ ਵਿੱਚ ਲੱਚਕਤਾ ਵਧੇਗੀ ਅਤੇ ਉਨਾਂ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੋਣਗੀਆਂ। ਇਸ ਨਾਲ ਵਿਦਿਆਰਥੀਆਂ ਵਿੱਚ ਸ਼ਹਿਣਸ਼ੀਲਤਾ, ਇਕਾਗਰਤਾ ਤੇ ਪੜਾਈ ਪ੍ਰਤੀ ਦਿਲਚਸਪੀ ਵਾਧਾ ਹੋਵਗਾ ਅਤੇ ਸਰੀਰਕ ਸੰਤੁਲਣ ਪੈਦਾ ਹੋਣ ਤੋਂ ਇਲਾਵਾ ਉਨਾਂ ਵਿੱਚ ਲੀਡਰਸ਼ਿਪ ਦੀ ਭਾਵਨਾ ਪੈਦਾ ਹੋਵੇਗੀ।