ਸਿਹਤ ਵਿਭਾਗ ਵੱਲੋਂ 20 ਸਤੰਬਰ ਤੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ 0-5 ਸਾਲ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਦਿੱਤੀਆਂ ਜਾਣਗੀਆਂ
ਹਾਈ ਰਿਸਕ ਏਰੀਏ ਦੇ ਸਬੰਧਤ ਮਾਪੇ ਆਪਣੇ ਬੱਚਿਆਂ ਨੂੰ ਇਹ ਬੂੰਦਾਂ ਜ਼ਰੂਰ ਦਿਵਾਉਣ – ਡਾ.ਰਾਜੇਸ਼ ਕੁਮਾਰ ਬੱਗਾ
ਨਿਊਜ਼ ਪੰਜਾਬ
ਲੁਧਿਆਣਾ, 17 ਸਤੰਬਰ – ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ 20 ਸਤੰਬਰ ਦਿਨ ਐਤਵਾਰ ਤੋਂ ਪਲਸ ਪੋਲੀਓ ਮੁਹਿੰਮ ਤਹਿਤ 0-5 ਸਾਲ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਦਿੱਤੀਆਂ ਜਾਣੀਆ ਹਨ। ਇਹ SNID ਰਾਊਂਡ ਹੈ।
ਸਿਵਲ ਸਰਜਨ ਲੁਧਿਆਣਾ ਡਾ. ਰਾਜੇਸ਼ ਕੁਮਾਰ ਬੱਗਾ ਨੇ ਇਸ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੁਧਿਆਣਾ ਜ਼ਿਲ੍ਹੇ ਅਧੀਨ ਪੋਲੀਓ ਹਾਈ ਰਿਸਕ ਏਰੀਏ (ਜਿਸ ਵਿੱਚ ਝੁੱਗੀ-ਝੋਂਪੜੀ, ਭੱਠੇ ਅਤੇ ਉਸਾਰੀ ਹੋ ਰਹੇ ਏਰੀਏ) ਵਿੱਚ ਸਾਰੇ ਬੱਚਿਆਂ (0-5 ਸਾਲ) ਨੂੰ ਪੋਲੀਓ ਰੋਕੂ ਬੂੰਦਾਂ ਦਿੱਤੀਆਂ ਜਾਣੀਆ ਹਨ। ਉਨ੍ਹਾਂ ਵਸਨੀਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਹਰ ਤਰ੍ਹਾਂ ਦੀਆਂ ਸਾਵਧਾਨੀਆਂ ਵਰਤਦੇ ਹੋਏ ਪੋਲੀਓ ਹਾਈ ਰਿਸਕ ਏਰੀਏ ਦੇ ਸਬੰਧਤ ਮਾਪੇ ਆਪਣੇ ਬੱਚਿਆਂ ਨੂੰ ਇਹ ਬੂੰਦਾਂ ਜ਼ਰੂਰ ਦਿਵਾਉਣ।
ਇਸ ਪ੍ਰੋਗਰਾਮ ਦੋ ਨੋਡਲ ਅਫ਼ਸਰ/ਜ਼ਿਲ੍ਹਾ ਟੀਕਾਕਰਣ ਅਫ਼ਸਰ ਡਾ:ਕਿਰਨ ਆਹਲੂਵਾਲੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੇ ਅੰਦਰ ਕੁੱਲ 952 ਏਰੀਏ ਅਜਿਹੇ ਹਨ ਜਿਨ੍ਹਾਂ ਨੂੰ ਹਾਈ ਰਿਸਕ ਘੋਸ਼ਿਤ ਕੀਤਾ ਹੋਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਪ੍ਰੋਗਰਾਮ 20 ਸਤੰਬਰ (ਐਤਵਾਰ) ਤੋਂ ਸ਼ੁਰੂ ਹੋ ਕੇ ਹਾਈ ਰਿਸਕ ਏਰੀਏ ਦੇ ਪੂਰੇ ਬੱਚੇ ਕਵਰ ਹੋਣ ਤੱਕ ਜਾਰੀ ਰਹੇਗਾ ਜਿਸ ਵਿੱਚ ਸਿਹਤ ਵਿਭਾਗ ਅਤੇ ਸਹਿਯੋਗੀ ਵਿਭਾਗਾਂ ਦੇ ਵਲੰਟੀਅਰ ਘਰ-ਘਰ ਜਾ ਕੇ ਬੱਚਿਆਂ ਨੂੰ ਪੋਲੀਓ ਡਰਾਪਸ ਦੇਣਗੇ।
ਡਾ: ਕਿਰਨ ਵੱਲੋਂ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਮੁਹਿੰਮ ਨੂੰ ਠੀਕ ਤਰ੍ਹਾ ਨੇਪਰੇ ਚਾੜ੍ਹਨ ਲਈ 729 ਟੀਮਾਂ (ਘਰ-ਘਰ ਜਾ ਕੇ), 66 ਟੀਮਾਂ ਮੋਬਾਇਲ ਅਤੇ 183 ਸੁਪਰਵਾਈਜ਼ਰ ਲਾਏ ਗਏ ਹਨ। ਇਸ ਮੁਹਿੰਮ ਤਹਿਤ ਲਗਭਗ 1,49,737 ਬੱਚਿਆਂ ਨੂੰ ਡਰਾਪਸ ਦੇਣ ਦਾ ਟੀਚਾ ਹੈ ਅਤੇ 6,89,252 ਘਰ ਕਵਰ ਕੀਤੇ ਜਾਣੇ ਹਨ।
ਜ਼ਿਲ੍ਹਾ ਟੀਕਾਕਰਣ ਅਫ਼ਸਰ ਡਾ:ਕਿਰਨ ਨੇ ਜਨਤਾ ਨੂੰ ਕੋਰੋਨਾ ਮਹਾਂਮਾਰੀ ਦੇ ਚੱਲਦੇ ਸਿਹਤ ਵਿਭਾਗ ਦੇ ਵਲੰਟੀਅਰਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਅਤੇ ਹਾਈ ਰਿਸਕ ਏਰੀਏ ਦੇ 0-5 ਸਾਲ ਦੇ ਬੱਚਿਆਂ ਨੂੰ ਪੋਲੀਓ ਡਰਾਪਸ ਲੈਣ ਲਈ ਕਿਹਾ।