ਹੁਣ ਤਾਂ ਪਾ ਲਓ ਮਾਸਕ – ਪੁਲਿਸ ਚਲਾਨ ਦੀ ਥਾਂ ਦੇ ਰਹੀ ਮੁਫ਼ਤ ਮਾਸਕ – ਸਕੀਮ ਸਿਰਫ ਹਫਤੇ ‘ਚ ਦੋ ਦਿਨ ਲਈ
ਨਵਾਂਸ਼ਹਿਰ ਸਿਟੀ ਪੁਲਿਸ ਹੁਣ ਹਫ਼ਤੇ ਵਿਚ ਦੋ ਦਿਨ ਚਲਾਨ ਕੱਟਣ ਦੀ ਥਾਂ ਵੰਡੇਗੀ ਮਾਸਕ
ਨਿਊਜ਼ ਪੰਜਾਬ
ਨਵਾਂਸ਼ਹਿਰ, 16 ਸਤੰਬਰ : ਨਵਾਂਸ਼ਹਿਰ ਸਿਟੀ ਪੁਲਿਸ ਨੇ ‘ਮਿਸ਼ਨ ਫ਼ਤਿਹ’ ਤਹਿਤ ਇਕ ਨਿਵੇਕਲਾ ਉਪਰਾਲਾ ਕਰਦਿਆਂ ਹੁਣ ਮਾਸਕ ਤੋਂ ਬਗੈਰ ਲੋਕਾਂ ਦੇ ਚਲਾਨ ਕੱਟਣ ਦੀ ਥਾਂ ਉਨਾਂ ਨੂੰ ਮਾਸਕ ਵੰਡਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਜ਼ਿਲਾ ਪੁਲਿਸ ਮੁਖੀ ਅਲਕਾ ਮੀਨਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਐਸ. ਐਚ. ਓ ਸਿਟੀ ਪਰਮਿੰਦਰ ਸਿੰਘ ਦੀ ਅਗਵਾਈ ਹੇਠ ਸਿਟੀ ਪੁਲਿਸ ਵੱਲੋਂ ਸ਼ਹਿਰ ਵਿਚ ਇਸ ਮੁਹਿੰਮ ਦਾ ਜ਼ੋਰ-ਸ਼ੋਰ ਨਾਲ ਆਗਾਜ਼ ਕੀਤਾ ਗਿਆ। ਇਸ ਦੌਰਾਨ ਪੁਲਿਸ ਜਵਾਨਾਂ ਵੱਲੋਂ ਹੱਥਾਂ ਵਿਚ ਜਾਗਰੂਕਤਾ ਤਖਤੀਆਂ ਫੜ ਕੇ ਲੋਕਾਂ ਨੂੰ ਮਾਸਕ ਪਹਿਨਣ ਲਈ ਪ੍ਰੇਰਿਤ ਵੀ ਕੀਤਾ ਗਿਆ। ਐਸ. ਐਚ. ਓ ਪਰਮਿੰਦਰ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਹਫ਼ਤੇ ਵਿਚ ਦੋ ਦਿਨ ਸਿਟੀ ਪੁਲਿਸ ਵੱਲੋਂ ਮਾਸਕ ਤੋਂ ਬਗੈਰ ਲੋਕਾਂ ਦੇ ਚਲਾਨ ਨਹੀਂ ਕੱਟੇ ਜਾਣਗੇ, ਸਗੋਂ ਉਨਾਂ ਨੂੰ ਮਾਸਕ ਵੰਡੇ ਜਾਣਗੇ। ਉਨਾਂ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਮਕਸਦ ਲੋਕਾਂ ਨੂੰ ਮਾਸਕ ਪ੍ਰਤੀ ਜਾਗਰੂਕ ਕਰ ਕੇ ਇਹ ਅਹਿਸਾਸ ਦਿਵਾਉਣਾ ਹੈ ਕਿ ਮਾਸਕ ਪਹਿਨਣਾ ਉਨਾਂ ਦੇ ਭਲੇ ਲਈ ਹੀ ਹੈ। ਉਨਾਂ ਕਿਹਾ ਕਿ ਇਸ ਉਪਰਾਲੇ ਨਾਲ ਲੋਕਾਂ ਵਿਚ ਇਹ ਵਿਸ਼ਵਾਸ ਵੀ ਪੈਦਾ ਹੋਵੇਗਾ ਕਿ ਪੁਲਿਸ ਉਨਾਂ ਦੀ ਦੋਸਤ ਹੈ। ਉਨਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਮਾਸਕ ਖ਼ਰੀਦਣ ਤੋਂ ਅਸਮਰੱਥ ਗ਼ਰੀਬ ਲੋਕਾਂ, ਜਿਵੇਂ ਰਿਕਸ਼ੇ ਵਾਲਿਆਂ ਅਤੇ ਮਜ਼ਦੂਰਾਂ ਆਦਿ, ਵੱਲ ਵਿਸ਼ੇਸ਼ ਤਵੱਜੋਂ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸਿਟੀ ਪੁਲਿਸ ਵੱਲੋਂ ਸਮੇਂ-ਸਮੇਂ ’ਤੇ ਮਾਸਕ ਵੰਡ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਹੈ। ਉਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਸਬੰਧੀ ਸਰਕਾਰ, ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਉਣ ਅਤੇ ਇਸ ਸਬੰਧੀ ਪੁਲਿਸ ਵਿਭਾਗ ਦਾ ਸਹਿਯੋਗ ਕਰਨ।
ਕੈਪਸ਼ਨ :
-ਨਵਾਂਸ਼ਹਿਰ ਵਿਖੇ ਮਾਸਕ ਤੋਂ ਬਗੈਰ ਲੋਕਾਂ ਨੂੰੂ ਮਾਸਕ ਵੰਡਦੇ ਹੋਏ ਐਸ. ਐਚ. ਓ ਸਿਟੀ ਪਰਮਿੰਦਰ ਸਿੰਘ।
-ਲੋਕਾਂ ਨੂੰ ਮਾਸਕ ਪਹਿਨਣ ਪ੍ਰਤੀ ਜਾਗਰੂਕ ਕਰਦੇ ਹੋਏ ਪੁਲਿਸ ਜਵਾਨ।
—