ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ ਗੁੰਮ ਨਹੀਂ ਹੋਏ , ਕਰਮਚਾਰੀਆਂ ਨੇ ਕੀਤਾ ਭ੍ਰਿਸ਼ਟਾਚਾਰ – ਭਾਈ ਗੋਬਿੰਦ ਸਿੰਘ ਲੌਂਗੋਵਾਲ

ਨਿਊਜ਼ ਪੰਜਾਬ
ਲੌਂਗੋਵਾਲ, 14 ਸਤੰਬਰ – ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਜ਼ਿਲੇ ਦੇ ਸੀਨੀਅਰ ਅਕਾਲੀ ਆਗੂਆਂ ਦੀ ਮੌਜੂਦਗੀ ’ਚ ਪ੍ਰੈੱਸ ਕਾਨਫ਼ਰੰਸ ਦੌਰਾਨ ਸਪਸ਼ਟ ਕੀਤਾ ਕਿ ਸ਼੍ਰੀ ਅਕਾਲ ਤਖ਼ਤ ਵਲੋਂ ਕਰਵਾਈ ਗਈ ਜਾਂਚ ਤੋਂ ਬਾਅਦ ਇਹ ਸਪੱਸ਼ਟ ਹੋ ਚੁੱਕਾ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ ਨਾ ਹੀ ਕਿਧਰੇ ਗਾਇਬ ਹੋਏ ਹਨ ਅਤੇ ਨਾ ਹੀ ਪਾਵਨ ਸਰੂਪਾਂ ਦੀ ਕੋਈ ਬੇਅਦਬੀ ਹੋਈ ਹੈ। ਬਲਕਿ ਸ਼੍ਰੋਮਣੀ ਕਮੇਟੀ ਦੇ ਪਬਲੀਕੇਸ਼ਨ ਵਿਭਾਗ ਵਿਚ ਕੰਮ ਕਰਦੇ ਕੁੱਝ ਮੁਲਾਜ਼ਮਾਂ ਨੇ ਭਿ੍ਰਸ਼ਟਾਚਾਰ ਕਰ ਕੇ ਸੰਗਤਾਂ ਨੂੰ ਹੀ ਦਿੱਤੇ ਹਨ। ਜਾਂਚ ਤੋਂ ਬਾਅਦ ਇਹ ਸਾਫ਼ ਹੋ ਗਿਆ ਹੈ ਕਿ 328 ਪਾਵਨ ਸਰੂਪ ਸ਼੍ਰੋਮਣੀ ਕਮੇਟੀ ਦੇ ਕਰਮਚਾਰੀਆਂ ਨੇ ਪੈਸੇ ਦੇ ਲਾਲਚ ਵਿਚ ਰਿਕਾਰਡ ਵਿਚ ਹੇਰਾ ਫੇਰੀ ਕਰ ਕੇ ਸੰਸਥਾਵਾਂ ਜਾਂ ਸ਼ਰਧਾਲੂਆਂ ਨੂੰ ਦਿੱਤੇ ਹਨ। ਇਸ ਘਪਲੇ ਲਈ ਜ਼ਿੰਮੇਵਾਰ 16 ਕਰਮਚਾਰੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਗਈਆਂ ਹਨ। ਉਨਾਂ ਦੱਸਿਆ ਕਿ ਇਸ ਸੰਵੇਦਨਸ਼ੀਲ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਪਹਿਲਾਂ ਹੀ ਬੇਹੱਦ ਗੰਭੀਰ ਹੈ ਅਤੇ ਕਿਸੇ ਵੀ ਕਰਮਚਾਰੀ ਜਾਂ ਅਧਿਕਾਰੀ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ।