ਕਿਸਾਨ ਬਹੁਤ ਚਿੰਤਤ ਹਨ, ਖੇਤੀ ਆਰਡੀਨੈਂਸਾਂ’ ਤੇ ਵਿਸ਼ੇਸ਼ ਚਰਚਾ ਕਰਵਾਈ ਜਾਵੇ” – ਸੰਸਦ ਮੈਂਬਰ ਅਮਰ ਸਿੰਘ ਦੀ ਲੋਕ ਸਭਾ ਸਪੀਕਰ ਨੂੰ ਅਪੀਲ

ਗੁਰਦੀਪ ਸਿੰਘ ਦੀਪ – ਨਿਊਜ਼ ਪੰਜਾਬ

ਰਾਏਕੋਟ/ਲੁਧਿਆਣਾ, 9 ਸਤੰਬਰ – ਡਾ: ਅਮਰ ਸਿੰਘ ਸੰਸਦ ਮੈਂਬਰ ਸ੍ਰੀ ਫਤਹਿਗੜ੍ਹ ਸਾਹਿਬ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਮਿਲ ਕੇ ਉਨ੍ਹਾਂ ਨੂੰ ਖੇਤੀ ਆਰਡੀਨੈਂਸਾਂ ‘ਤੇ ਵਿਸ਼ੇਸ਼ ਵਿਚਾਰ ਵਟਾਂਦਰੇ ਅਤੇ ਬਹਿਸ ਕਰਨ ਦੀ ਬੇਨਤੀ ਕੀਤੀ ਹੈ। ਉਨ੍ਹਾਂ ਸਪੀਕਰ ਨੂੰ ਦੱਸਿਆ ਕਿ ਅਕਾਲੀ ਦਲ ਨੂੰ ਛੱਡ ਕੇ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਆਰਡੀਨੈਂਸਾਂ ਦਾ ਵਿਰੋਧ ਕਰ ਰਹੀਆਂ ਹਨ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਵੀ ਬੁਲਾਇਆ ਸੀ ਜਿਥੇ ਸਦਨ ਨੇ ਆਰਡੀਨੈਂਸਾਂ ਦਾ ਵਿਰੋਧ ਕਰਦਿਆਂ ਨਿੰਦਾ ਮਤਾ ਪਾਸ ਕੀਤਾ।
ਉਨ੍ਹਾਂ ਨੇ ਚਾਨਣਾ ਪਾਇਆ ਕਿ ਪੰਜਾਬ ਦੇ ਕਿਸਾਨ ਚਿੰਤਤ ਹਨ ਅਤੇ 3 ਖੇਤੀ ਆਰਡੀਨੈਂਸਾਂ ਖਿਲਾਫ ਪੂਰੇ ਪੰਜਾਬ ਵਿੱਚ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਇਹ ਮਾਮਲਾ ਬਹੁਤ ਹੀ ਸੰਵੇਦਨਸ਼ੀਲ ਹੈ ਅਤੇ ਇਸਦਾ ਪੰਜਾਬ ਅਤੇ ਕਿਸਾਨੀ ਦੀ ਕਿਸਮਤ ਉੱਤੇ ਭਾਰੀ ਅਸਰ ਪਏਗਾ। ਡਾ ਅਮਰ ਸਿੰਘ ਨੇ ਬੇਨਤੀ ਕੀਤੀ ਕਿ ਆਰਡੀਨੈਂਸਾਂ ਉੱਤੇ ਬਹਿਸ ਕਰਵਾਈ ਜਾਵੇ।