ਖੁਸ਼ਖਬਰੀ – ਕੋਰੋਨਾ ਨੂੰ ਮਾਰਨ ਲਈ ਰੂਸ ਦੀ ਵੈਕਸੀਨ ਆ ਰਹੀ ਹੈ ਭਾਰਤ ! ਹੋਈ ਆਪਸੀ ਸਹਿਮਤੀ – ਇਸੇ ਹਫਤੇ ਤੋਂ ਰੂਸ ‘ਚ ਹਰ ਮਰੀਜ਼ ਨੂੰ ਮਿਲੇਗੀ ਦਵਾਈ – ਪੜ੍ਹੋ ਹੋਰ ਕਿਹੜੇ ਦੇਸ਼ਾਂ ਵਿੱਚ ਪਹੁੰਚੇਗੀ ਵੈਕਸੀਨ
ਨਿਊਜ਼ ਪੰਜਾਬ
ਰੂਸੀ ਡਾਇਰੈਕਟ ਇਨਵੈਸਟਮੈਂਟ ਫੰਡ (ਆਰ.ਡੀ.ਆਈ.ਐਫ.) ਦੇ ਪ੍ਰਧਾਨ ਕਿਰਿਲ ਦਿਮਿਤਰੀਵ ਨੇ ਸੋਮਵਾਰ ਨੂੰ ਕਿਹਾ ਕਿ ਰੂਸ ਦੀ ਕੋਰੋਨਾ ਵੈਕਸੀਨ ਸਪੂਤਨਿਕ ਵੀ ਦਾ ਟਰਾਇਲ ਇਸ ਮਹੀਨੇ ਕੁਝ ਦੇਸ਼ਾਂ ਵਿਚ ਸ਼ੁਰੂ ਹੋਵੇਗਾ। ਇਨ੍ਹਾਂ ਦੇਸ਼ਾਂ ਵਿੱਚ ਭਾਰਤ ਵੀ ਸ਼ਾਮਲ ਹੈ। ਭਾਰਤ ਤੋਂ ਇਲਾਵਾ ਇਹ ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ (ਯੂਏਈ), ਫਿਲੀਪੀਨਜ਼ ਅਤੇ ਬ੍ਰਾਜ਼ੀਲ ਵਿੱਚ ਵੀ ਟਰਾਇਲ ਹੋਣਗੇ।ਇਹ ਵੈਕਸੀਨ ਮਾਸਕੋ ਦੇ ਗਾਮਲੇਆ ਰਿਸਰਚ ਇੰਸਟੀਚਿਊਟ ਨੇ ਰੂਸੀ ਰੱਖਿਆ ਮੰਤਰਾਲੇ ਦੇ ਸਹਿਯੋਗ ਨਾਲ ਤਿਆਰ ਕੀਤੀ ਹੈ। ਰੂਸ ਇਸ ਹਫ਼ਤੇ ਤੋਂ ਆਮ ਨਾਗਰਿਕਾਂ ਨੂੰ ਕੋਰੋਨਾ ਵੈਕਸੀਨ ‘ ਸਪੂਤਨਿਕ ਵੀ ‘ ਪ੍ਰਦਾਨ ਕਰਨ ਜਾ ਰਿਹਾ ਹੈ। ਪ੍ਰਸਿੱਧ ਲੈਂਸੇਟ ਰਸਾਲੇ ਅਨੁਸਾਰ, ਸ਼ੁਰੂਆਤੀ ਪਰਖ ਵਿੱਚ ਇਸ ਵੈਕਸੀਨ ਦੇ ਕਿਸੇ ਗੰਭੀਰ ਮਾੜੇ ਪ੍ਰਭਾਵਾਂ ਦੀ ਰਿਪੋਰਟ ਨਹੀਂ ਆਈ I
ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਜੋ ਪਿਛਲੇ ਦਿਨੀ ਰੂਸ ਗਏ ਸਨ ਨੇ ਕੋਰੋਨਾ ਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਣ ਵਿੱਚ ਸਫਲ ਹੋਣ ਲਈ ਰੂਸੀ ਸਰਕਾਰ ਅਤੇ ਲੋਕਾਂ ਨੂੰ ਵਧਾਈ ਦਿੱਤੀ। ਸਮਝਿਆ ਜਾਂਦਾ ਕਿ ਰੂਸ ਦੀ ਵੈਕਸੀਨ ਦਾ ਭਾਰਤ ਵਿੱਚ ਮਰੀਜ਼ਾਂ ਲਈ ਸ਼ੁਰੂ ਕਰਨਾ ਰੱਖਿਆ ਮੰਤਰੀ ਦੇ ਯਤਨ ਨਾਲ ਹੋ ਰਿਹਾ ਹੈ I ਵੈਕਸੀਨ ਬਾਰੇ ਮਾਸਕੋ ਅਤੇ ਭਾਰਤ ਸਰਕਾਰ ਵਿਚਕਾਰ ਕਈ ਪੱਧਰਾਂ ‘ਤੇ ਗੱਲਬਾਤ ਕੀਤੀ ਜਾ ਰਹੀ ਹੈ। ਇਸ ਵਿੱਚ ਵੈਕਸੀਨ ਦੀ ਸਪਲਾਈ, ਸਹਿ-ਵਿਕਾਸ ਅਤੇ ਸਹਿ-ਉਤਪਾਦਨ ਵਰਗੇ ਮੁੱਦਿਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਰੂਸ ਨੇ ਵੈਕਸੀਨ ਦੇ ਸਬੰਧ ਵਿੱਚ ਭਾਰਤ ਨਾਲ ਸਹਿਯੋਗ ਕਰਨ ਦੇ ਤਰੀਕੇ ਸਾਂਝੇ ਕੀਤੇ ਹਨ। ਇਸ ਸਮੇਂ ਭਾਰਤ ਸਰਕਾਰ ਵੱਲੋਂ ਇਸ ਦਾ ਬਾਰੀਕੀ ਨਾਲ ਅਧਿਐਨ ਕੀਤਾ ਜਾ ਰਿਹਾ ਹੈ।
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪਿਛਲੇ ਮਹੀਨੇ ਹੀ ਐਲਾਨ ਕੀਤਾ ਸੀ ਕਿ ਰੂਸੀ ਵਿਗਿਆਨੀਆਂ ਨੇ ਕੋਵਿਡ-19 ਦੇ ਵਿਸ਼ਵ ਦੀ ਪਹਿਲੀ ਵੈਕਸੀਨ ਸਪੂਤਨਿਕ-ਵੀ ਵਿਕਸਤ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਇੱਕ ਬੇਟੀ ਦਾ ਟੀਕਾਕਰਨ ਕੀਤਾ ਗਿਆ ਹੈ, ਇਹ ਬਹੁਤ ਅਸਰਦਾਰ ਹੈ ਅਤੇ ਸਰੀਰ ਵਿੱਚ ਸਥਾਈ ਪ੍ਰਤੀਰੋਧਤਾ ਵਿਕਸਤ ਕਰਦਾ ਹੈ।