ਫਿਲਮ ਐਕਟਰਸ ਕੰਗਨਾ ਰਣੌਤ ਨੂੰ ਸ਼ਿਵ ਸੈਨਾ ਦੀਆਂ ਧਮਕੀਆਂ ਤੋਂ ਬਾਅਦ ਕੇਂਦਰ ਨੇ ਵਾਈ ਕੈਟਾਗਿਰੀ ਦੀ ਸੁਰੱਖਿਆ ਦਿੱਤੀ – ਸ਼ਿਵ ਸੈਨਾ ਨੇ ਫੇਰ ਵਰਤੀ ਅਪਮਾਨ ਜਨਕ ਸ਼ਬਦਾਵਲੀ

ਕੰਗਨਾ ਰਣੌਤ ਨੇ ਸ਼ਿਵ ਸੈਨਾ ਆਗੂਆਂ ਦੀ ਚਣੋਤੀ ਕਬੂਲ ਕਰਦਿਆਂ ਕਿਹਾ ਕਿ ਮੈ 9 ਸਤੰਬਰ ਨੂੰ ਮੁੰਬਈ ਆ ਰਹੀ ਹਾਂ ! ਮੇਰਾ ਜੋ ਕਰਨਾ ਕਰ ਲਓ

 

ਐਡਵੋਕੇਟ ਕਰਨਦੀਪ ਸਿੰਘ ਕੈਰੋਂ – ਨਿਊਜ਼ ਪੰਜਾਬ

ਨਵੀ ਦਿੱਲੀ , 7 ਸਤੰਬਰ – ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਨੂੰ ਮੁੰਬਈ ਦੇ ਸ਼ਿਵ ਸੈਨਾ ਆਗੂ ਸੰਜੇ ਰਾਊਤ ਸਮੇਤ ਕਈ ਆਗੂਆਂ ਵਲੋਂ ਡਰਾਉਣ -ਧਮਕਾਉਣ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਵਾਈ ਕੈਟਾਗਿਰੀ ਦੀ ਸੁਰੱਖਿਆ ਦੇ ਦਿੱਤੀ ਹੈ। ਦਰਅਸਲ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿਚ ਕੰਗਨਾ ਸ਼ੁਰੂ ਤੋਂ ਹੀ ਆਵਾਜ਼ ਉਠਾ ਰਹੀ ਹੈ। ਉਸ ਨੇ ਬਾਲੀਵੁੱਡ ਮਾਫ਼ੀਆ, ਅਤੇ ਹੁਣ ਨਸ਼ਿਆਂ ਦੇ ਮੁੱਦੇ ‘ਤੇ ਖੁੱਲ੍ਹ ਕੇ ਗੱਲ ਕੀਤੀ ਹੈ। ਆਪਣੇ ਬਿਆਨਾਂ ਕਾਰਨ ਉਹ ਨਾ ਸਿਰਫ਼ ਬਾਲੀਵੁੱਡ ਹਸਤੀਆਂ ਦੇ ਨਿਸ਼ਾਨੇ ‘ਤੇ ਆਈ ਸਗੋਂ ਕਈ ਸਿਆਸੀ ਪਾਰਟੀਆਂ ਵੀ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਹੀਆਂ ਹਨ।

ਇਸੇ ਦੌਰਾਨ ਮਹਾਰਾਸ਼ਟਰ ਦੇ ਸ਼ਿਵ ਸੈਨਾ ਆਗੂ ਸੰਜੇ ਰਾਊਤ ਅਤੇ ਕੰਗਨਾ ਰਣੌਤ ਵਿਚਕਾਰ ਖੜਕ ਪਈ ਅਤੇ ਉਨ੍ਹਾਂ ਦੀ ਜੁਬਾਨੀ ਜੰਗ ਤੇਜ਼ ਹੋ ਗਈ ਹੈ। ਕੰਗਨਾ ਨੇ ਕਿਹਾ ਸੀ ਕਿ ਉਸ ਨੂੰ ਬਾਲੀਵੁੱਡ ਮਾਫ਼ੀਆ ਤੋਂ ਜ਼ਿਆਦਾ ਡਰ ਮੁੰਬਈ ਪੁਲਿਸ ਤੋਂ ਲਗਦਾ ਹੈ। ਰਾਊਤ ਨੇ ਉਸ ਨੂੰ ਸਲਾਹ ਦਿੱਤੀ ਸੀ ਕਿ ਉਹ ਮੁੰਬਈ ਨਾ ਆਵੇ। ਕੰਗਨਾ ਨੇ ਇਸ ਤੋਂ ਬਾਅਦ ਚੁਣੌਤੀ ਦਿੱਤੀ ਕਿ ਉਹ 9 ਸਤੰਬਰ ਨੂੰ ਮੁੰਬਈ ਆ ਰਹੀ ਹੈ। ਉਨ੍ਹਾਂ ਨੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਕਿ ਸੰਜੇ ਰਾਊਤ ਦਾ ਮਤਲਬ ਮਹਾਰਾਸ਼ਟਰ ਨਹੀਂ ਹੈ।

ਉਨ੍ਹਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕੀਤਾ। ਅਭਿਨੇਤਰੀ ਨੇ ਕਿਹਾ ਕਿ ਸ਼ਾਹ ਮੈਨੂੰ ਕੁਝ ਦਿਨਾਂ ਬਾਅਦ ਮੁੰਬਈ ਜਾਣ ਦੀ ਸਲਾਹ ਵੀ ਦੇ ਸਕਦੇ ਸੀ, ਪਰ ਉਨ੍ਹਾਂ ਨੇ ਭਾਰਤ ਦੀ ਇੱਕ ਧੀ ਦੇ ਸ਼ਬਦਾ ਦਾ ਮਾਣ ਕੀਤਾ। ਕੰਗਨਾ ਹੁਣ 9 ਸਤੰਬਰ ਨੂੰ ਮੁੰਬਈ ਜਾ ਰਹੀ ਹੈ I ਅਭਿਨੇਤਰੀ ਨੇ ਟਵਿੱਟਰ ‘ਤੇ ਕਿਹਾ, “ਇਹ ਇਸ ਗੱਲ ਦਾ ਸਬੂਤ ਹੈ ਕਿ ਹੁਣ ਕਿਸੇ ਵੀ ਫਾਸ਼ੀਵਾਦੀ ਨੂੰ ਦੇਸ਼ ਭਗਤੀ ਦੀ ਆਵਾਜ਼ ਨਾਲ ਕੁਚਲਿਆ ਨਹੀਂ ਜਾਵੇਗਾ, ਮੈਂ ਅਮਿਤ ਸ਼ਾਹ ਜੀ ਦੀ ਧੰਨਵਾਦੀ ਹਾਂ।

ਦੂਜੇ ਪਾਸੇ ਮਹਾਰਾਸ਼ਟਰ ਦੀ ਸੱਤਾਧਾਰੀ ਪਾਰਟੀ ਸ਼ਿਵ ਸੈਨਾ ਨੇ ਆਪਣੇ ਮੁੱਖ ਪੱਤਰ ‘ ਸਾਮਣਾ ‘ ਵਿਚ ਕੰਗਨਾ ਨੂੰ ‘ ਮੈਂਟਲ ਵੁਮੈਨ ‘ ਕਰਾਰ ਦਿੱਤਾ ਹੈ। “ਆਉਣ ਵਾਲੇ ਮਾਨਸੂਨ ਸੈਸ਼ਨ ਵਿਚ ਵਿਰੋਧੀ ਧਿਰ ਨੂੰ ਵੀ ਬਾਹਰੀ ਵਿਅਕਤੀ ਦੇ ਖਿਲਾਫ ਆਪਣੀ ਆਵਾਜ਼ ਉਠਾਉਣੀ ਚਾਹੀਦੀ ਹੈ। ਸ਼ਿਵ ਸੈਨਾ ਨੇ ਕਿਹਾ, “ਇਹ ਬਿਲਕੁਲ ਸਹਿਣਸ਼ੀਲਤਾ ਤੋਂ ਬਾਹਰ ਹੈ ਕਿ ਕੋਈ ਬਾਹਰੀ ਵਿਅਕਤੀ, ਜੋ ਮੁੰਬਈ ਆਇਆ ਹੈ ਅਤੇ ਸਭ ਕੁਝ ਹਾਸਲ ਕਰ ਚੁੱਕਾ ਹੈ, ਮੁੰਬਈ ਦਾ ਅਪਮਾਨ ਕਰ ਰਿਹਾ ਹੈ ਅਤੇ ਗਲਤ ਗੱਲਾਂ ਕਰ ਰਿਹਾ ਹੈ। ਇਸ ਦੀ ਆਲੋਚਨਾ ਕੀਤੀ ਜਾਣੀ ਚਾਹੀਦੀ ਹੈ। ‘

ਸ਼ਿਵ ਸੈਨਾ ਨੇ ਕਿਹਾ, ‘ ਮੈਂਟਲ ਵੁਮੈਨ ‘ ਨੇ ਮੁੰਬਈ ਅਤੇ ਮੁੰਬਈ ਪੁਲਿਸ ਦਾ ਅਪਮਾਨ ਕੀਤਾ ਹੈ। ਉਨ੍ਹਾਂ ਨੂੰ ਮਹਾਰਾਸ਼ਟਰ ਵਿਚ ਰਹਿਣ ਦਾ ਅਧਿਕਾਰ ਨਹੀਂ ਹੈ। ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਪਹਿਲਾਂ ਹੀ ਇਸ ਸਬੰਧ ਵਿੱਚ ਬਿਆਨ ਦੇ ਚੁੱਕੇ ਹਨ। ਇਸ ਦੀ ਪਾਲਣਾ ਕੀਤੀ ਜਾਵੇਗੀ। ਵਿਰੋਧੀ ਧਿਰ ਨੂੰ ਅਨਿਲ ਦੇਸ਼ਮੁਖ ‘ਤੇ ਭਰੋਸਾ ਪ੍ਰਗਟਾਉਣਾ ਚਾਹੀਦਾ ਹੈ। ‘