ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਗੁੰਮ ਹੋਣ ਦੇ ਮਾਮਲੇ ‘ਤੇ ਸ਼੍ਰੋਮਣੀ ਕਮੇਟੀ ਤੇ ਹੋਵੇ ਪਰਚਾ – ਨਿਧੜਕ ਸਿੰਘ ਬਰਾੜ – ਸ਼੍ਰੋਮਣੀ ਅਕਾਲੀ ਦਲ ( ਡੈਮੋਕ੍ਰੇਟਿਕ ) ਨੇ ਮੁੱਖ ਮੰਤਰੀ ਤੋਂ ਮੰਗਿਆ ਸਮਾਂ
ਨਿਊਜ਼ ਪੰਜਾਬ
ਚੰਡੀਗੜ੍ਹ ,3 ਸਤਬੰਰ – ਸ਼੍ਰੋਮਣੀ ਅਕਾਲੀ ਦਲ ( ਡੈਮੋਕ੍ਰੇਟਿਕ ) ਦੇ ਸੀਨੀਅਰ ਆਗੂ ਅਤੇ ਸਾਬਕਾ ਰਾਜ ਸੂਚਨਾ ਕਮਿਸ਼ਨਰ ਨਿਧੜਕ ਸਿੰਘ ਬਰਾੜ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ( ਡੈਮੋਕ੍ਰੇਟਿਕ ) ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਿਲਾਫ ਪਰਚਾ ਦਰਜ ਕਰਾਉਣ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਤੋਂ ਮਿਲਣ ਲਈ ਸਮਾਂ ਮੰਗਿਆ ਹੈ ਤਾਂ ਕਿ ਮੰਗ ਪੱਤਰ ਦਿੱਤਾ ਜਾ ਸਕੇ। ਮੁੱਖ ਮੰਤਰੀ ਦੇ ਦਫਤਰ ਨੇ ਦੱਸਿਆ ਕਿ ਮੁੱਖ ਮੰਤਰੀ ਕਰੋਨਾ ਕਰਕੇ ਸੋਮਵਾਰ ਤੱਕ ਇਕਾਂਤਵਾਸ ਹਨ ਅਤੇ ਮੰਗਲਵਾਰ ਸਮਾਂ ਦੱਸ ਦੇਣਗੇ।
ਸ:ਬਰਾੜ ਨੇ ਦੱਸਿਆ ਕੇ ਪਾਰਟੀ ਲੀਡਰਸ਼ਿਪ ਅਤੇ ਸਿੱਖ ਪੰਥ ਇਹ ਮਹਿਸੂਸ ਕਰਦਾ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਗੁੰਮ ਕਰਕੇ ਸ਼੍ਰੋਮਣੀ ਕਮੇਟੀ ਨੇ ਜੋ ਪਾਪ ਕਮਾਇਆ ਹੈ ਇਸ ਵਾਸਤੇ ਕੇਵਲ ਛੋਟੇ ਮੁਲਾਜ਼ਮਾਂ ਖਿਲਾਫ ਕਾਰਵਾਈ ਕਰਨ ਨਾਲ ਕੁਝ ਨਹੀਂ ਹੋਣਾ ਸਗੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਸਮੇਤ ਸਮੁੱਚੀ ਹੁਣ ਵਾਲੀ ਅਤੇ ਪਿਛਲੀ ਐਗਜੈਕਟਿਵ ਤੇ ਪਰਚਾ ਦਰਜ਼ ਹੋਣਾ ਚਾਹੀਦਾ ਹੈ।ਇਹ ਕੰਮ ਮੁੱਖ ਮੰਤਰੀ ਜੀ ਦੇ ਦਖਲ ਦੇਣ ਨਾਲ ਹੀ ਹੋ ਸਕਦਾ। ਸੋ ਜਦੋਂ ਸਮਾਂ ਮਿਲੇਗਾ ਪਾਰਟੀ ਦਾ ਡੈਲੀਗੇਸ਼ਨ ਮੁੱਖ ਮੰਤਰੀ ਨੂੰ ਮਿਲ ਕੇ ਸਾਰੀ ਸਥਿਤੀ ਤੋਂ ਵਿਸਥਾਰ ਨਾਲ ਜਾਣੂ ਕਰਵਾ ਕਰਕੇ ਪਰਚਾ ਦਰਜ਼ ਕਰਨ ਦੀ ਮੰਗ ਕਰੇਗਾ।