ਸਰਕਾਰੀ ਪੌਲੀਟੈਕਨਿਕ ਕਾਲਜਾਂ ਵਿੱਚ ਦਾਖਲਾ ਲੈਣ ਲਈ ਰਜਿਸਟਰੇਸ਼ਨ ਸ਼ੁਰੂ

ਨਿਊਜ਼ ਪੰਜਾਬ
ਲੁਧਿਆਣਾ, 31 ਅਗਸਤ  – ਪੰਜਾਬ ਸਰਕਾਰ ਤਕਨੀਕੀ ਸਿੱਖਿਆ ਵਿਭਾਗ ਅਧੀਨ ਚੱਲ ਰਹੇ ਵੱਖ-ਵੱਖ ਬਹੁਤਕਨੀਕੀ ਕਾਲਜਾਂ ਵਿੱਚ ਦਾਖਲਾ ਲੈਣ ਲਈ ਪੰਜਾਬ ਰਾਜ ਤਕਨੀਕੀ ਸਿਖਿਆ ਅਤੇ ਉਦ: ਸਿਖਲਾਈ ਬੋਰਡ ਵਲੋਂ ਆਨਲਾਈਨ ਰਜਿਸਟਰੇਸ਼ਨ ਸ਼ੁਰੂ ਹੋ ਚੁੱਕੀ ਹੈ।
ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕੀਤਾ ਅਤੇ ਕਿਹਾ ਕਿ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ਚਾਹਵਾਨ ਦਸਵੀਂ ਅਤੇ ਬਾਰਵੀਂ ਪਾਸ ਲੜਕੇ ਅਤੇ ਲੜਕੀਆਂ ਡਿਪਲੋਮਾ ਕੋਰਸਾਂ ਲਈ ਆਨਲਾਈਨ ਰਜਿਸਟ੍ਰੇਸ਼ਨ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ, ਰਿਸ਼ੀ ਨਗਰ ਲੁਧਿਆਣਾ ਦੀ ਵੈਬਸਾਈਟ www.gpcgldh.ac.in  (ਹੈਲਪ ਡੈਸਕ ਨੰ : 0161-2303223, 98720-85786 ) ਜਾਂ ਪੰਜਾਬ ਰਾਜ ਤਕਨੀਕੀ ਸਿੱਖਿਆ ਬੋਰਡ ਸਾਈਟ www.punjabteched ‘ਤੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਹੋਣਹਾਰ ਵਿਦਿਆਰਥੀਆਂ ਨੂੰ ਸਰਕਾਰੀ ਪੌਲੀਟੈਕਨਿਕ ਕਾਲਜਾਂ ਵਿੱਚ ਮਿਆਰੀ ਅਤੇ ਸਸਤੀ ਤਕਨੀਕੀ ਸਿਖਿਆ ਪ੍ਰਦਾਨ ਕਰਨ ਲਈ ਮੁੱਖ ਮੰਤਰੀ ਵਜ਼ੀਫਾ ਯੋਜਨਾ ਵੀ ਸ਼ੁਰੂ ਕੀਤੀ ਹੋਈ ਹੈ। ਇਸ ਸਕੀਮ ਦਾ ਲਾਭ ਸੂਬੇ ਦੇ ਸਾਰੇ ਸਰਕਾਰੀ ਪੌਲੀਟੈਕਨਿਕ ਕਾਲਜਾਂ ਦੇ ਵਿਦਿਆਰਥੀਆਂ ਨੂੰ ਵੀ ਮਿਲ ਰਿਹਾ ਹੈ। ਉਨ੍ਹਾਂ ਇਸ ਯੋਜਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਕੀਮ ਅਧੀਨ ਪੰਜਾਬ ਦੇ ਲੜਕੇ ਅਤੇ ਲੜਕੀਆਂ ਦੀ ਦਸਵੀਂ ਜਮਾਤ ਵਿੱਚ ਪ੍ਰਾਪਤ ਕੀਤੇ ਅੰਕਾਂ ਅਨੁਸਾਰ ਟਿਊਸ਼ਨ ਫੀਸ ਮੁਆਫ ਕੀਤੀ ਜਾਂਦੀ ਹੈ। ਇਸਤੋਂ ਇਲਾਵਾ ਬਾਰਵੀ/ਆਈ.ਟੀ.ਆਈ. ਪਾਸ ਵਿਦਿਆਰਥੀਆਂ ਨੂੰ ਲੇਟਰਲ ਐਂਟਰੀ ਰਾਂਹੀ ਦੂਜੇ ਸਾਲ ਵਿੱਚ ਸਿੱਧਾ ਦਾਖਲਾ ਮਿਲਦਾ ਹੈ। ਪੰਜਾਬ ਸਰਕਾਰ ਭਲਾਈ ਵਿਭਾਗ ਦੀਆਂ ਹਦਾਇਤਾਂ ਦੇ ਸਨਮੁੱਖ ਐਸ.ਸੀ.ਵਿਦਿਆਰਥੀਆਂ ਦੀ ਆਮਦਨ ਦੇ ਨਿਯਮਾਂ ਅਨੁਸਾਰ ਪੂਰੀ ਫੀਸ ਮੁਆਫ ਕੀਤੀ ਜਾਂਦੀ ਹੈ।
ਉਨ੍ਹਾਂ ਵਿਸ਼ੇਸ਼ ਤੌਰ ਤੇ ਕਿਹਾ ਕਿ ਸਰਕਾਰੀ ਬਹੁਤਕਨੀਕੀ ਕਾਲਜ ਰਿਸ਼ੀ ਨਗਰ ਜੋ ਕਿ ਲੜਕੀਆਂ ਦਾ ਜਿਲ੍ਹੇ ਭਰ ਵਿੱਚ ਇਕੋ ਕਾਲਜ ਹੈ ਇਸ ਲਈ ਤਕਨੀਕੀ ਸਿੱਖਿਆ ਵਿੱਚ ਡਿਪਲੋਮਾ ਇੰਜ: ਦੀ ਪੜ੍ਹਾਈ ਕਰਨ ਲਈ ਇਸਦਾ ਦਿਹਾਤੀ ਅਤੇ ਸ਼ਹਿਰੀ ਲੜਕੀਆਂ ਨੂੰ ਭਰਪੂਰ ਲਾਭ ਲੈਣਾ ਚਾਹੀਦਾ ਹੈ।

I/70853/2020