ਪਟਿਆਲਾ – ਜ਼ਿਲ੍ਹਾ ਮੈਜਿਸਟਰੇਟ ਵੱਲੋਂ ਸਰਕਾਰੀ ਤੇ ਨਿਜੀ ਅਦਾਰਿਆਂ ‘ਚ ਸਿਹਤ ਵਿਭਾਗ ਦੀਆਂ ਹਦਾਇਤਾਂ ਲਾਗੂ ਕਰਨ ਲਈ ਅਦਾਰਿਆਂ ਦੇ ਮੁਖੀ, ਮਾਲਕ ਤੇ ਮੈਨੇਜਰ ਕੋਵਿਡ ਮੋਨੀਟਰ ਨਾਮਜਦ

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਸਰਕਾਰੀ ਤੇ ਨਿਜੀ ਅਦਾਰਿਆਂ ‘ਚ ਸਿਹਤ ਵਿਭਾਗ ਦੀਆਂ ਹਦਾਇਤਾਂ ਲਾਗੂ ਕਰਨ ਲਈ ਅਦਾਰਿਆਂ ਦੇ ਮੁਖੀ, ਮਾਲਕ ਤੇ ਮੈਨੇਜਰ ਕੋਵਿਡ ਮੋਨੀਟਰ ਨਾਮਜਦ
-ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾਂ ਕੀਤੀ ਜਾਵੇ-ਕੁਮਾਰ ਅਮਿਤ
-ਲੋਕਾਂ ਦੀ ਰੋਜ਼ੀ ਰੋਟੀ ਦੇ ਮੱਦੇਨਜ਼ਰ ਕੁਝ ਪਾਬੰਦੀਆਂ ਤਹਿਤ ਕੰਮ ਕਰਨ ਦੀ ਪਹਿਲਾਂ ਹੀ ਹੈ ਇਜ਼ਾਜਤ

 

ਨਿਊਜ਼ ਪੰਜਾਬ

ਪਟਿਆਲਾ, 31 ਅਗਸਤ: ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਫ਼ੌਜਦਾਰੀ ਜਾਬਤਾ ਦੀ ਧਾਰਾ 144 ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹੇ ਅੰਦਰਲੇ ਸਰਕਾਰੀ, ਪ੍ਰਾਈਵੇਟ ਅਦਾਰਿਆਂ ਸਮੇਤ ਸ਼ਾਪਿੰਗ ਮਾਲਜ, ਮਾਰਕੀਟਾਂ ਤੇ ਮੈਰਿਜ ਪੈਲੇਸਾਂ ‘ਚ ਆਮ ਲੋਕਾਂ ਦੀ ਆਮਦ ਨੂੰ ਮੁੱਖ ਰਖਦਿਆਂ ਕੋਵਿਡ ਦੀ ਰੋਕਥਾਮ ਸਬੰਧੀਂ ਸਿਹਤ ਵਿਭਾਗ ਵੱਲੋਂ ਜਾਰੀ ਸਲਾਹਕਾਰੀ ਦੀ ਪਾਲਣਾ ਯਕੀਨੀ ਕਰਵਾਉਣ ਲਈ ਇਨ੍ਹਾਂ ਅਦਾਰਿਆਂ ਦੇ ਵਿਭਾਗੀ ਮੁਖੀਆਂ, ਮਾਲਕਾਂ, ਕਸਟੋਡੀਅਨਜ, ਮੈਨੇਜਰਾਂ ਆਦਿ ਨੂੰ ਕੋਵਿਡ ਮੋਨੀਟਰ ਵਜੋਂ ਨਾਮਜ਼ਦ ਕੀਤਾ ਹੈ।
ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦੇ ਲਗਾਤਾਰ ਵੱਧ ਰਹੇ ਪ੍ਰਕੋਪ ਨੂੰ ਰੋਕਣ ਲਈ ਸਿਹਤ ਵਿਭਾਗ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਤੇ ਹਦਾਇਤਾਂ ਦੀ ਪਾਲਣਾਂ ਕੀਤੀ ਜਾਣੀ ਲਾਜਮੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੋਵਿਡ ਦੇ ਮੱਦੇਨਜ਼ਰ ਅਤੇ ਆਮ ਲੋਕਾਂ ਦੀ ਰੋਜੀ ਰੋਟੀ ਨੂੰ ਮੁੱਖ ਰੱਖਦਿਆਂ ਕੁਝ ਪਾਬੰਦੀਆਂ ਤਹਿਤ ਲੋਕਾਂ ਨੂੰ ਕੰਮ-ਕਾਜ ਕਰਨ ਦੀ ਇਜ਼ਾਜਤ ਦਿੱਤੀ ਹੋਈ ਹੈ, ਜਿਸ ਲਈ ਸਿਹਤ ਵਿਭਾਗ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਸਰਕਾਰੀ ਅਤੇ ਨਿਜੀ ਅਦਾਰਿਆਂ ਅੰਦਰ ਪਾਲਣਾ  ਇੰਨ-ਬਿੰਨ ਕੀਤੀ ਜਾਵੇ।
ਸ੍ਰੀ ਕੁਮਾਰ ਅਮਿਤ ਵੱਲੋਂ ਜਾਰੀ ਇਕ ਤਰਫ਼ਾ ਆਦੇਸ਼ਾਂ ‘ਚ ਕਿਹਾ ਗਿਆ ਹੈ ਕਿ ਜ਼ਿਲ੍ਹੇ ‘ਚ ਸਰਕਾਰੀ ਵਿਭਾਗਾਂ ਦੇ ਮੁਖੀ ਵਿਭਾਗ ਵਾਰ ਨੋਡਲ ਅਫ਼ਸਰ ਨਾਮਜਦ ਕਰਨਗੇ ਅਤੇ ਇਹ ਨੋਡਲ ਅਫ਼ਸਰ ਆਪਣੇ ਦਫ਼ਤਰਾਂ ‘ਚ ਸਮਾਜਿਕ ਦੂਰੀ, ਮਾਸਕ ਪਾਉਣਾ ਅਤੇ ਸਿਹਤ ਵਿਭਾਗ ਦੀ ਸਲਾਹਕਾਰੀ ਨੂੰ ਲਾਗੂ ਕਰਵਾਉਣਗੇ। ਇਸੇ ਤਰ੍ਹਾਂ ਮੈਰਿਜ ਪੈਲੇਸਾਂ, ਹੋਟਲਾਂ, ਰੈਸਟੋਰੈਂਟਾਂ, ਕਮਿਉਨਿਟੀ ਸੈਂਟਰਾਂ ਵਿੱਚ ਜਦੋਂ ਕੋਈ ਵਿਆਹ ਸਮਾਗਮ ਹੋਵੇ ਤਾਂ ਇੱਥੋਂ ਦੇ ਮੈਨੇਜਰ, ਮਾਲਕ ਆਦਿ 30 ਤੋਂ ਵੱਧ ਲੋਕਾਂ ਦਾ ਇਕੱਠ ਇੱਥੇ ਨਹੀਂ ਹੋਣ ਦੇਣਗੇ ਅਤੇ ਇਸ ਬਾਰੇ ਸਮਾਗਮ ‘ਚ ਹਾਜਰ ਹੋਣ ਵਾਲੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।
ਇਸ ਤੋਂ ਬਿਨ੍ਹਾਂ ਜ਼ਿਲ੍ਹੇ ‘ਚ ਸਥਿਤ ਸ਼ਾਪਿੰਗ ਮਾਲਾਂ ਦੇ ਮਾਲਕ, ਮੈਨੇਜਰ ਆਦਿ ਇਥੇ ਖਰੀਦਦਾਰੀ ਕਰਨ ਆਉਣ ਵਾਲੇ ਵਿਅਕਤੀ ਨੂੰ ਸਿਹਤ ਵਿਭਾਗ ਦੀ ਸਲਾਹਕਾਰੀ ਤੋਂ ਜਾਣੂ ਅਤੇ ਲਾਗੂ ਕਰਵਾਉਣਗੇ। ਮਾਰਕੀਟਾਂ ਦੇ ਪ੍ਰਧਾਨ ਸਾਰੇ ਦੁਕਾਨਦਾਰਾਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਕੋਵਿਡ-19 ਦੇ ਮੱਦੇਨਜ਼ਰ ਸਿਹਤ ਵਿਭਾਗ ਦੀਆਂ ਹਦਾਇਤਾਂ ਤੇ ਸਲਾਹ ਦੀ ਪਾਲਣਾਂ ਯਕੀਨੀ ਕਰਵਾਉਣਗੇ। ਜ਼ਿਲ੍ਹੇ ‘ਚ ਉਦਯੋਗਾਂ ਦੇ ਮਾਲਕ ਆਪਣੀਆਂ ਫੈਕਟਰੀਆਂ ‘ਚ ਅਤੇ ਪਿੰਡਾਂ ਦੀ ਪੰਚਾਇਤਾਂ ਆਪਣੇ-ਆਪਣੇ ਅਧਿਕਾਰ ਖੇਤਰਾਂ ‘ਚ ਇਨ੍ਹਾਂ ਹਦਾਇਤਾਂ ਨੂੰ ਲਾਗੂ ਕਰਵਾਉਣ ਬਾਰੇ ਜਾਗਰੂਕਤਾ ਫੈਲਾਉਣਗੇ। ਇਸੇ ਤਰ੍ਹਾਂ ਕਿਸੇ ਘਰ ‘ਚ ਵਿਆਹ-ਸ਼ਾਦੀ, ਮਰਗਤ ਆਦਿ ਸਮਾਗਮ ਸਮੇਂ ਘਰ ਦੇ ਮਾਲਕ ਇਸ ਸਬੰਧੀਂ ਜਿੰਮੇਵਾਰੀ ਨਿਭਾਉਣਗੇ।
29 ਅਕਤੂਬਰ ਤੱਕ ਲਾਗੂ ਰਹਿਣ ਵਾਲੇ ਇਸ ਹੁਕਮ ਮੁਤਾਬਕ ਜ਼ਿਲ੍ਹੇ ‘ਚ ਸਥਿਤ ਸਰਕਾਰੀ, ਪ੍ਰਾਈਵੇਟ ਵਿਭਾਗਾਂ, ਅਦਾਰਿਆਂ ਤੇ ਉਦਯੋਗਾਂ ਦੇ ਮੁਖੀ, ਪੁਲਿਸ ਵਿਭਾਗ, ਸਮੂਹ ਐਸ.ਡੀ.ਐਮਜ, ਕਮਿਸ਼ਨਰ ਨਗਰ ਨਿਗਮ, ਸਮੂਹ ਕਾਰਜ ਸਾਧਕ ਅਫ਼ਸਰ, ਜ਼ਿਲਾ ਖੁਰਾਕ ਤੇ ਸਪਲਾਈਜ ਕੰਟਰੋਲਰ, ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ, ਜ਼ਿਲ੍ਹਾ ਤੇ ਪੰਚਾਇਤ ਅਫ਼ਸਰ, ਬੀਡੀਪੀਓਜ, ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ, ਸਹਾਇਕ ਕਿਰਤ ਕਮਿਸ਼ਨਰ ਤੇ ਡਿਪਟੀ ਡਾਇਰੈਕਟਰ ਫੈਕਟਰੀਜ ਆਪਣੇ-ਆਪਣੇ ਅਧਿਕਾਰ ਖੇਤਰ ਵਿੱਚ ਇਨ੍ਹਾਂ ਹੁਕਮਾਂ ਨੂੰ ਲਾਗੂ ਕਰਵਾਉਣਗੇ ਅਤੇ ਸਬੰਧਤਾਂ ਨੂੰ ਜਾਗਰੂਕ ਵੀ ਕਰਨਗੇ।
I/70601/2020