ਮਾਮਲਾ ਪਾਵਨ ਸਰੂਪ ਗਾਇਬ ਹੋਣ ਦਾ – ਸ਼੍ਰੋਮਣੀ ਕਮੇਟੀ ਵਲੋਂ ਕਈ ਅਧਿਕਾਰੀ ਨੌਕਰੀ ਤੋਂ ਕੱਢੇ – ਕਈਆਂ ਤੇ ਹੋਣਗੇ ਫੌਜਦਾਰੀ ਮੁਕਦਮੇ ਦਰਜ਼ – ਭਾਰੀ ਜੁਰਮਾਨੇ ਵੀ ਕੀਤੇ
ਨਿਊਜ਼ ਪੰਜਾਬ
ਅੰਮ੍ਰਿਤਸਰ, 27 ਅਗਸਤ – ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਕਮੇਟੀ ਵਲੋਂ ਸਾਹਿਬ ਸ਼੍ਰੀ ਗੁਰੂ ਗਰੰਥ ਸਾਹਿਬ ਦੇ 328 ਪਾਵਨ ਸਰੂਪ ਦੇਣ ਸਮੇ ਵਰਤੀਆਂ ਬੇਨਿਯਮੀਆਂ ਕਾਰਨ ਅਕਾਲ ਤਖਤ ਸਾਹਿਬ ਦੇ ਹੁਕਮ ਤੋਂ ਬਾਅਦ ਦੋਸ਼ੀ ਅਧਿਕਾਰੀਆਂ ਤੇ ਸਖਤ ਕਾਰਵਾਈ ਕਰਦਿਆਂ ਕਈਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ ਅਤੇ ਕਰੋੜਾਂ ਰੁਪਏ ਜ਼ੁਰਮਾਨਾਂ ਕਰਦਿਆਂ ਫੌਜਦਾਰੀ ਕੇਸ ਦਰਜ਼ ਕਰਵਾਉਣ ਦਾ ਫੈਂਸਲਾ ਕੀਤਾ ਹੈ I
ਸ਼੍ਰੋਮਣੀ ਕਮੇਟੀ ਦੀ ਹੋਈ ਇਕਤਰਤਾ ਦੌਰਾਨ ਕਈ ਇਤਿਹਾਸਕ ਫੈਸਲੇ ਕੀਤੇ ਗਏ ਹਨ ।ਬਾਦਲ ਪਰਿਵਾਰ ਦੇ ਨੇੜੇ ਸਮਝੇ ਜਾਂਦੇ ਚਾਰਟਰਡ ਅਕਾਊਂਟੈਂਟ ਐਸ.ਐਸ. ਕੋਹਲੀ ਨੂੰ ਸ਼੍ਰੋਮਣੀ ਕਮੇਟੀ ਦੀ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ I ਸ਼੍ਰੋਮਣੀ ਕਮੇਟੀ ਦੇ ਸੀਨੀਅਰ ਅਧਿਕਾਰੀਆਂ ਖ਼ਿਲਾਫ਼ ਹੁਣ ਤੱਕ ਦੇ ਇਤਿਹਾਸ ਦੀ ਸਭ ਤੋਂ ਵੱਡੀ ਕਾਰਵਾਈ ਹੋਈ ਹੈ।
ਇਸੇ ਦਰਮਿਆਨ ਮੁੱਖ ਸਕੱਤਰ ਡਾ. ਰੂਪ ਸਿੰਘ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਗਿਆ ਅਤੇ ਸਕੱਤਰ ਮਨਜੀਤ ਸਿੰਘ ਨੂੰ ਮੁਅੱਤਲ ਕੀਤਾ ਗਿਆ ਹੈ। ਗੁਰਬਚਨ ਸਿੰਘ ਮੀਤ ਸਕੱਤਰ , ਬਾਜ ਸਿੰਘ ਕਲਰਕ , ਦਲਬੀਰ ਸਿੰਘ ਹੈਲਪਰ ਨੂੰ ਨੌਕਰੀ ਤੋਂ ਫਾਰਗ ਕਰਦਿਆਂ ਇਨ੍ਹਾਂ ਤੇ ਫੌਜਦਾਰੀ ਦਾ ਮੁਕੱਦਮਾ ਕਰਵਾਇਆ ਜਾਵੇਗਾ ਜਦੋ ਕਿ ਕੰਵਲਜੀਤ ਸਿੰਘ ਸੇਵਾਮੁਕਤ ਸੁਪਰਵਾਈਜਰ ਦੇ ਫੰਡਾਂ ‘ਤੇ ਰੋਕ ਅਤੇ ਨਾਲ ਹੀ ਉਸ ਖ਼ਿਲਾਫ਼ ਧੋਖਾਧੜੀ ਦਾ ਮੁਕੱਦਮਾ ਕਰਵਾਇਆ ਜਾਵੇਗਾ
ਅਤੇ ਹਰਚਰਨ ਸਿੰਘ ਸਾਬਕਾ ਮੁੱਖ ਸਕੱਤਰ ਨੂੰ ਅਹੁਦੇ ਦੀ ਜ਼ਿੰਮੇਵਾਰੀ ਨਿਭਾਉਣ ਤੋਂ ਅਸੱਮਰਥ ਰਹਿਣ ਅਤੇ ਸਮੇਂ ਸਿਰ ਬਣਦੀ ਕਾਰਵਾਈ ਨਾ ਕਰਨ ਕਾਰਨ ਕਾਨੂੰਨੀ ਕਾਰਵਾਈ ਦਾ ਫੈਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਗੁਰਬਚਨ ਸਿੰਘ ਮੀਤ ਸਕੱਤਰ ,ਸਤਿੰਦਰ ਸਿੰਘ ਬਿੱਲੂ ਮੀਤ ਸਕੱਤਰ ( ਵਿੱਤ ),ਨਿਸ਼ਾਨ ਸਿੰਘ ਮੀਤ ਸਕੱਤਰ ਮੁਅੱਤਲ ,ਪਰਮਦੀਪ ਸਿੰਘ ਬਿੱਲਾ ਇੰਚਾਰਜ ਅਤੇ ਗੁਰਮੁਖ ਸਿੰਘ ਸੁਪਰਵਾਈਜਰ ਨੌਕਰੀ ਤੋਂ ਮੁਅੱਤਲ ਕਰ ਦਿਤੇ ਗਏ ਹਨ ਜਦੋ ਕਿ ਜੁਝਾਰ ਸਿੰਘ ਸਹਾਇਕ ਅਕਾਊਂਟੈਂਟ ਨੂੰ ਨੌਕਰੀ ਤੋਂ ਮੁਕਤ ਕਰ ਦਿੱਤਾ ਗਿਆ ਹੈ