ਚੌਕਸੀ ਬਿਊਰੋ ਨੇ ਪੀ.ਐਚ.ਸੀ. ਭਵਾਨੀਗੜ੍ਹ ਵਿਖੇ ਤਾਇਨਾਤ ਦੰਦਾਂ ਦਾ ਡਾਕਟਰ 8500 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ-ਐਸ.ਐਸ.ਪੀ. ਸਿੱਧੂ
ਨਿਊਜ਼ ਪੰਜਾਬ
ਪਟਿਆਲਾ, 22 ਅਗਸਤ: ਵਿਜੀਲੈਂਸ ਬਿਊਰੋ ਪਟਿਆਲਾ ਰੇਂਜ ਦੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਹੈ ਕਿ ਚੌਕਸੀ ਪੁਲਿਸ ਪਟਿਆਲਾ ਨੇ ਜ਼ਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਵਿਖੇ ਪੀ.ਐਚ.ਸੀ. ‘ਚ ਤਾਇਨਾਤ ਇੱਕ ਦੰਦਾਂ ਦੇ ਡਾਕਟਰ ਨੂੰ 8500 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਸ. ਸਿੱਧੂ ਨੇ ਦੱਸਿਆ ਕਿ ਇਸ ਸਬੰਧੀਂ ਥਾਣਾ ਵਿਜੀਲੈਂਸ ਬਿਊਰੋ ਪਟਿਆਲਾ ਰੇਂਜ ਵਿਖੇ ਸ਼ਿਕਾਇਤ ਕਰਤਾ ਨਿਰਭੈ ਸਿੰਘ ਦੀ ਸ਼ਿਕਾਇਤ ‘ਤੇ ਐਫ.ਆਈ.ਆਰ. ਨੰਬਰ 14 ਮਿਤੀ 21/8/2020 ਪੀ.ਸੀ. ਐਕਟ 1988 ਐਜ ਅਮੈਂਡਡ ਬਾਇ ਪੀ.ਸੀ. (ਅਮੈਂਡਮੈਂਟ) ਐਕਟ 2018 ਦੀ ਧਾਰਾ 7 ਤਹਿਤ ਡਾ. ਸੁਰਜੀਤ ਚੌਧਰੀ ਖ਼ਿਲਾਫ਼ ਦਰਜ ਕੀਤਾ ਹੈ।
ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪਿੰਡ ਮਸਾਣੀ ਦੇ ਵਸਨੀਕ ਨਿਰਭੈ ਸਿੰਘ ਭੁੱਲਰ ਪੁੱਤਰ ਨੇ ਸ਼ਿਕਾਇਤ ਕੀਤੀ ਸੀ ਕਿ ਭਵਾਨੀਗੜ੍ਹ ਵਿਖੇ ਤਾਇਨਾਤ ਦੰਦਾਂ ਦੇ ਡਾਕਟਰ ਨੇ ਉਸਦੀ ਪਤਨੀ ਗੁਰਜੀਤ ਕੌਰ ਦੇ ਦੰਦਾਂ ਦੇ ਇਲਾਜ ਲਈ ਉਸ ਕੋਲੋਂ 2000 ਰੁਪਏ ਰਿਸ਼ਵਤ ਲਏ ਹਨ ਅਤੇ 8500 ਰੁਪਏ ਹੋਰ ਮੰਗੇ ਜਾ ਰਹੇ ਹਨ। ਸ. ਸਿੱਧੂ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਨੇ ਇਸ ਸਬੰਧੀਂ ਇੱਕ ਵੀਡੀਓ ਰਿਕਾਰਡਿੰਗ ਵੀ ਪੇਸ਼ ਕੀਤੀ ਸੀ, ਜਿਸ ‘ਚ ਉਸ ਕੋਲੋਂ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਹੈ।
ਵਿਜੀਲੈਂਸ ਬਿਊਰੋ ਦੇ ਐਸ.ਐਸ.ਪੀ. ਨੇ ਹੋਰ ਦੱਸਿਆ ਕਿ ਅੱਜ ਦੁਪਿਹਰ ਦੰਦਾਂ ਦੇ ਡਾਕਟਰ ਨੂੰ ਸ਼ਿਕਾਇਤ ਕਰਤਾ ਕੋਲੋਂ ਰਿਸ਼ਵਤ ਦੇ 8500 ਰੁਪਏ ਲੈਂਦੇ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ‘ਚ ਰੰਗੇ ਹੱਥੀਂ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਇਸ ਵਿਜੀਲੈਂਸ ਟੀਮ ‘ਚ ਵਿਜੀਲੈਂਸ ਬਿਊਰੋ ਸੰਗਰੂਰ ਦੇ ਇੰਸਪੈਕਟਰ ਸੁਦਰਸ਼ਨ ਸੈਣੀ ਸਮੇਤ ਹੋਰ ਸ਼ਾਮਲ ਸਨ ਅਤੇ ਡਾਕਟਰ ਕੋਲੋਂ 8500 ਰੁਪਏ ਮੌਕੇ ‘ਤੇ ਬ੍ਰਾਮਦ ਕੀਤੇ ਗਏ।