ਦੇਸੀ ਅਤੇ ਵਿਦੇਸ਼ੀ ਪੌਦੇ ਲਗਾ ਕੇ ਜੈਵ ਵਿਭਿੰਨਤਾ ਨੂੰ ਸੰਭਾਅਿਾ ਜਾਵੇਗਾ

ਜੈਵ ਵਿਭਿੰਨਤਾ ਦੀ ਸੰਭਾਲ ਲਈ ਨਗਰ ਨਿਗਮ ਲੰਢੇਕੇ ਵਿਖੇ ਬਣਾਏਗਾ ਮਿੰਨੀ ਫੋਰੈਸਟ
-ਸ਼ਹਿਰ ਦੀ ਹਰਿਆਲੀ, ਵਾਤਾਵਰਨ ਵਿੱਚ ਨਿਖਾਰ ਲਿਆਉਣ ਦੇ ਮਕਸਦ ਨਾਲ ਲਗਾਏ ਜਾਣਗੇ 3 ਹਜ਼ਾਰ ਪੌਦੇ
-ਜਲਦੀ ਹੀ ਬਾਗਬਾਨੀ ਦੀ ਟ੍ਰੇਨਿੰਗ ਵੀ ਹੋਵੇਗੀ ਸ਼ੁਰੂ-ਕਮਿਸ਼ਨਰ ਨਗਰ ਨਿਗਮ
-ਬਾਗਬਾਨੀ ਅਧੀਨ ਘਰੇਲੂ ਬਗੀਚੀ, ਹਰਬਲ ਗਾਰਡਨ, ਮੈਡੀਸਨਲ ਪਲਾਂਟਸ, ਫਲਾਂ ਵਾਲੇ ਰੁੱਖ,  ਦੇਸੀ ,ਵਿਦੇਸ਼ੀ ਪੌਦੇ, ਵਰਟੀਕਲ ਗਾਰਡਨ ਬਾਰੇ ਦਿੱਤੀ ਜਾਵੇਗੀ ਜਾਣਕਾਰੀ

ਨਿਊਜ਼ ਪੰਜਾਬ

ਮੋਗਾ 21 ਅਗਸਤ: ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਅਨੀਤਾ ਦਰਸ਼ੀ ਨੇ ਸ਼ਹਿਰ ਵਾਸੀਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਨਿਗਮ ਸ਼ਹਿਰ ਵਾਸੀਆਂ ਨੂੰ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਨਿਗਮ ਸ਼ਹਿਰ ਵਾਸੀਆਂ ਦੀਆਂ ਨਗਰ ਨਿਗਮ ਅਧੀਨ ਆਉਦੀਆਂ ਸੇਵਾਵਾਂ ਨੂੰ ਮੁਹੱਈਆ ਕਰਵਾਉਣ ਦੇ ਨਾਲ ਨਾਲ ਸ਼ਹਿਰ ਦੇ ਵਿਕਾਸ ਕਾਰਜਾਂ ਅਤੇ ਸ਼ਹਿਰ ਦੀ ਹਰਿਆਲੀ ਨੂੰ ਵਧਾਉਣ ਲਈ ਪਲਾਨ ਤਿਆਰ ਕਰ ਰਿਹਾ ਹੈ ਤਾਂ ਕਿ ਸ਼ਹਿਰ ਦੇ ਵਾਤਾਵਰਨ ਵਿੱਚ ਹੋਰ ਜਿਆਦਾ ਸੁਧਾਰ ਹੋ ਸਕੇ।
ਉਨ੍ਹਾਂ ਕਿਹਾ ਕਿ ਇਸ ਤਹਿਤ ਮਿੰਨੀ ਫੋਰੈਸਟ ਲੰਢੇਕੇ ਵਿਖੇ ਲਗਾਉਣ ਦੀ ਯੋਜਨਾ ਬਣਾ ਲਈ ਗਈ ਹੈ ਜਿਸ ਵਿੱਚ ਪੰਜਾਬ ਦੇ ਦੇਸੀ ਅਤੇ ਵਿਦੇਸ਼ੀ ਪੌਦੇ ਲਗਾਏ ਜਾਣਗੇ ਜਿਸ ਨਾਲ ਇਲਾਕੇ ਦੀ ਜੈਵ ਵਿਭਿੰਨਤਾ ਨੂੰ ਸੰਭਾਅਿਾ ਜਾਵੇਗਾ ਇਸਦੇ ਨਾਲ ਹੀ ਲੰਢੇਕੇ ਵਿਖੇ ਜੈਵ ਵਿਭਿੰਨਤਾ ਪਾਰਕ ਦੀ ਤਜ਼ਵੀਜ਼ ਵੀ ਤਿਆਰ ਕੀਤੀ ਗਈ ਹੈ।
ਇਸਦੇ ਨਾਲ ਹੀ ਨਗਰ ਨਿਗਮ ਦੀ ਬਾਗਬਾਨੀ ਸ਼ਾਖਾ ਵੱਲੋ ਬਾਗਬਾਨੀ ਦੀ ਟ੍ਰੇਨਿੰਗ ਸ਼ੁਰੂ ਕਰਨ ਦੀ ਯੋਜਨਾ ਵੀ ਬਣਾਈ ਗਈ ਹੈ ਜਿਸ ਅਧੀਨ ਸ਼ਹਿਰ ਵਾਸੀਆਂ ਨੂੰ ਘਰੇਲੂ ਬਗੀਚੀ, ਹਰਬਲ ਗਾਰਡਨ, ਮੈਡੀਸਨਲ ਪਲਾਂਟਸ, ਫਲਾਂ ਵਾਲੇ ਰੁੱਖ,  ਦੇਸੀ ਅਤੇ ਵਿਦੇਸ਼ੀ ਪੌਦੇ, ਵਰਟੀਕਲ ਗਾਰਡਨ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਜਿਸ ਨਾਲ ਇਲਾਕੇ ਦੀ ਜੈਵ ਵਿਭਿੰਨਤਾ ਨੂੰ ਬਚਾਉਣ ਵਿੱਚ ਮੱਦਦ ਮਿਲੇਗੀ। ਉਨ੍ਹਾਂ ਕਿਹਾ ਕਿ ਜੋ ਲੋਕ ਇਸ ਅਧੀਨ  ਟ੍ਰੇਨਿੰਗ ਲੈਣ ਦੇ ਇੱਛੁੱਕ ਹਨ ਨਗਰ ਨਿਗਮ ਵਿਖੇ ਸੰਪਰਕ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਸ਼ਹਿਰ ਵਿਚਲੀ ਹਰਿਆਲੀ ਨੂੰ ਹੋਰ ਵਧਾਉਣ ਲਈ ਸ਼ਹਿਰ ਵਿੱਚ ਵੱਖ ਥਾਵਾਂ ਤੇ ਪਲਾਂਟੇਸ਼ਨ ਡਰਾਈਵ ਚੱਲ ਰਹੀ ਹੈ ਜਿਸ ਅਧੀਨ ਐਨ.ਐਚ. 95 ਤੇ ਤਕਰੀਬਨ 3 ਹਜ਼ਾਰ ਬੂਟੇ ਅਤੇ ਸ਼ਹਿਰ ਵਿੱਚ ਵੱਖ ਵੱਖ ਥਾਵਾਂ ਤੇ ਤਕਰੀਬਨ 1 ਹਜ਼ਾਰ ਪੌਦੇ ਲਗਾਏ ਜਾਣਗੇ ਤਾਂ ਕਿ ਸ਼ਹਿਰ ਦੇ ਵਾਤਾਵਰਨ ਵਿੱਚ ਹੋਰ ਜਿਆਦਾ ਨਿਖਾਰ ਆ ਸਕੇ।