ਭਾਰਤੀ ਚੋਣ ਕਮਿਸ਼ਨ ਨੇ ਕਿਹਾ18 ਸਾਲ ਜਾਂ ਵੱਧ ਉਮਰ ਵਾਲੇ ਵੋਟ ਜਰੂਰ ਬਣਵਾਉਣ
ਸਵੀਪ ਤਹਿਤ ਮੋਗਾ ਦੇ ਹਲਕਾ ਨੋਡਲ ਅਫਸਰਾਂ ਦੀ ਜ਼ੂਮ ਐਪ ਰਾਹੀ ਹੋਈ ਮੀਟਿੰਗ
-ਸਤੰਬਰ ਮਹੀਨੇ ਦੀਆਂ ਸਵੀਪ ਗਤੀਵਿਧੀਆਂ ਬਾਰੇ ਕੀਤੀ ਚਰਚਾ
ਜ਼ਿਲ੍ਹੇ ਦਾ ਕੋਈ ਵੀ ਯੋਗ ਨਾਗਰਿਕ ਵੋਟ ਬਣਾਉਣ ਤੋ ਵਾਂਝਾ ਨਾ ਰਹੇ-ਗੁਰਪ੍ਰੀਤ ਸਿੰਘ
-ਵੋਟ ਸਬੰਧੀ ਜਾਣਕਾਰੀ ਹਲਕੇ ਦੇ ਐਸ. ਡੀ. ਐਮ. ਦਫਤਰ ਜਾਂ ਬੀ. ਐਲ. ਓ. ਜਾਂ ਫਿਰ www.nvsp.in ਪੋਰਟਲ ਤੋ ਕੀਤੀ ਜਾ ਸਕਦੀ ਹੈ ਪ੍ਰਾਪਤ
ਨਿਊਜ਼ ਪੰਜਾਬ
ਮੋਗਾ 21 ਅਗਸਤ: ਨਵੀਆਂ ਵੋਟਾਂ ਬਣਾਉਣ ਅਤੇ ਪਹਿਲਾਂ ਬਣੀਆਂ ਵੋਟਾਂ ਵਿੱਚ ਸੋਧ ਕਰਵਾਉਣ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਸੰਬੰਧੀ ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਸਵੀਪ ਪ੍ਰੋਗਰਾਮ ਤਹਿਤ ਜਿਲ੍ਹਾ ਮੋਗਾ ਦੇ ਹਲਕਾ ਨੋਡਲ ਅਫਸਰਾਂ ਦੀ ਆਨਲਾਈਨ ਜ਼ੂਮ ਐਪ ਰਾਹੀ ਮੀਟਿੰਗ ਕੀਤੀ ਗਈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਜ਼ਿਲ੍ਹਾ ਸਵੀਪ ਨੋਡਲ ਅਫਸਰ ਗੁਰਪ੍ਰੀਤ ਸਿੰਘ ਘਾਲੀ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਜ਼ਿਲ੍ਹੇ ਅੰਦਰ ਪੈਂਦੇ ਚਾਰਾਂ ਵਿਧਾਨ ਸਭਾ ਹਲਕਿਆਂ ਦੇ ਨੋਡਲ ਅਫਸਰਾਂ ਤੋਂ ਅਗਸਤ ਮਹੀਨੇ ਦੌਰਾਨ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦੀ ਜਾਣਕਾਰੀ ਪ੍ਰਾਪਤ ਕੀਤੀ ਗਈ ਅਤੇ ਸਤੰਬਰ ਮਹੀਨੇ ਦੌਰਾਨ ਗਤੀਗਿਵਧੀਆਂ ਕਰਵਾਉਣ ਸੰਬੰਧੀ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਜਾਣਕਾਰੀ ਦਿੱਤੀ ਗਈ।
ਭਾਰਤੀ ਚੋਣ ਕਮਿਸ਼ਨ ਮੁਤਾਬਕ ਜੇਕਰ ਕਿਸੇ ਵੀ ਜ਼ਿਲ੍ਹਾ ਵਾਸੀ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੈ ਅਤੇ ਹਾਲੇ ਤੱਕ ਉਸ ਨੇ ਵੋਟ ਨਹੀਂ ਬਣਵਾਈ ਤਾਂ ਉਸ ਲਈ ਵੋਟ ਬਣਾਉਣੀ ਜਰੂਰੀ ਹੈ। ਇਸ ਸੰਬੰਧੀ ਉਹ ਹਲਕੇ ਦੇ ਐਸ. ਡੀ. ਐਮ. ਦਫਤਰ ਜਾਂ ਆਪਣੇ ਏਰੀਏ ਦੇ ਬੀ. ਐਲ. ਓ. ਨਾਲ ਸੰਪਰਕ ਕਰ ਸਕਦਾ ਹੈ। ਇਸ ਲਈ ਉਹ www.nvsp.in ਪੋਰਟਲ ਤੇ ਜਾ ਕੇ ਵੀ ਆਪਣੀ ਵੋਟ ਬਣਵਾ ਸਕਦਾ ਹੈ।
ਵੋਟ ਸੰਬੰਧੀ ਕੋਈ ਵੀ ਜਾਣਕਾਰੀ ਪ੍ਰਾਪਤ ਕਰਨ ਲਈ 1950 ਟੋਲ ਫ੍ਰੀ ਨੰਬਰ ਤੋਂ ਵੀ ਮੱਦਦ ਲਈ ਜਾ ਸਕਦੀ ਹੈ। ਮੀਟਿੰਗ ਵਿੱਚ ਜ਼ਿਲ੍ਹੇ ਦੇ ਅੰਗਹੀਣ ਲੋਕ, ਜਾਂ ਮਹੰਤ (ਟ੍ਰਾੰਸਜੇੰਡਰ) ਦੀਆਂ ਵੋਟਾਂ ਬਣਾਉਣਾ ਯਕੀਨੀ ਬਣਾਉਣ ਲਈ ਵੀ ਕਿਹਾ ਗਿਆ।
ਇਸ ਮੀਟਿੰਗ ਵਿੱਚ ਜ਼ਿਲ੍ਹਾ ਇਲੈਕਸ਼ਨ ਤਹਿਸੀਲਦਾਰ ਮਨਜੀਤ ਸਿੰਘ, ਭਾਵਨਾ, ਮੈਡਮ ਜਿੰਦਰ ਕੌਰ, ਜ਼ਿਲ੍ਹਾ ਸਵੀਪ ਨੋਡਲ ਅਫਸਰ ਬਲਵਿੰਦਰ ਸਿੰਘ ਦੌਲਤਪੁਰਾ, ਹਲਕਾ ਮੋਗਾ ਦੇ ਨੋਡਲ ਅਫਸਰ ਰਕੇਸ਼ ਕੁਮਾਰ, ਹਲਕਾ ਧਰਮਕੋਟ ਦੇ ਨੋਡਲ ਅਫਸਰ ਮੈਡਮ ਪ੍ਰਿੰਸੀਪਲ ਮੰਜੂ, ਅਮਰਬੀਰ ਸਿੰਘ ਆਦਿ ਨੇ ਵਿਸ਼ੇਸ਼ ਤੌਰ ਤੇ ਭਾਗ ਲਿਆ।