ਨਵੀ ਵੋਟ ਬਣਵਾਉਣ ਲਈ ਜਾਂ ਦਰੁਸਤੀ ਕਰਵਾਉਣ ਵਾਸਤੇ ਫੋਨ ਨੰਬਰ 1950 ‘ਤੇ ਕਰੋ ਗੱਲ
ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਵਿਚ ਅਹਿਮ ਰੋਲ ਨਿਭਾਏਗਾ ਟੋਲ ਫਰੀ ਹੈਲਪ ਲਾਈਨ ਨੰਬਰ 1950 : ਸੀ.ਈ.ਓ. ਡਾ. ਰਾਜੂ
ਨਿਊਜ਼ ਪੰਜਾਬ
ਚੰਡੀਗੜ,18 ਅਗਸਤ: ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ, 01.01.2021 ਨੂੰ ਵੋਟਰ ਵਜੋਂ ਨਾਮ ਦਰਜ ਕਰਵਾਉਣ ਲਈ ਯੋਗ ਹੋਣ ਵਾਲੇ ਯੋਗ ਵੋਟਰਾਂ ਦੇ ਨਾਮ ਦਰਜ ਕਰਨ ਲਈ ਦਫ਼ਤਰ ਮੁੱਖ ਚੋਣ ਅਧਿਕਾਰੀ, ਪੰਜਾਬ ਵੱਲੋਂ ਵੋਟਰ ਫੋਟੋ ਸੂਚੀ ਵਿਚ ਵਿਸ਼ੇਸ਼ ਸੋਧਾਂ ਕਰਨ ਸਬੰਧੀ ਪ੍ਰਕਿਰਿਆ ਦਾ ਸ਼ਡਿਊਲ ਤਿਆਰ ਕੀਤਾ ਗਿਆ ਹੈ। ਇਸ ਪ੍ਰਕਿਰਿਆ ਨਾਲ ਨਾਗਰਿਕਾਂ ਨੂੰ ਆਪਣੇ ਆਪ ਨੂੰ ਵੋਟਰ ਵਜੋਂ ਰਜਿਸਟਰ ਕਰਨ ਅਤੇ ਵੋਟਰ ਸੂਚੀ ਦੇ ਵੇਰਵਿਆਂ ਦੀ ਤਸਦੀਕ ਕਰਨ ਦਾ ਮੌਕਾ ਮਿਲੇਗਾ। ਮੌਜੂਦਾ ਕੋਵਿਡ ਸੰਕਟ ਦੇ ਮੱਦੇਨਜ਼ਰ, ਟੋਲ ਫਰੀ ਹੈਲਪ ਲਾਈਨ ਨੰਬਰ 1950 ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ।
ਵੋਟਰ ਸੂਚੀਆਂ ਨੂੰ ਦਰੁਸਤ ਕਰਨ ਅਤੇ ਸਾਰੇ ਯੋਗ ਨਾਗਰਿਕਾਂ ਦੇ ਨਾਂ ਸੂਚੀ ਵਿੱਚ ਦਰਜ ਕੀਤੇ ਜਾਣ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ, ਸਾਰੇ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਹਰੇਕ ਸਾਲ ਦੇ ਅਖੀਰ ‘ਚ ਵਿਸ਼ੇਸ਼ ਸੁਧਾਈ ਕੀਤੀ ਜਾਂਦੀ ਹੈ। ਉਹ ਲੋਕ ਜੋ ਆਪਣੇ ਆਪ ਨੂੰ ਵੋਟਰ ਵਜੋਂ ਰਜਿਸਟਰ ਨਹੀਂ ਕਰ ਸਕੇ ਅਤੇ ਵੋਟਰ ਸੂਚੀਆਂ ਵਿੱਚ ਜਿਹਨਾਂ ਦੇ ਵੇਰਵਿਆਂ ਵਿੱਚ ਤਰੁੱਟੀਆਂ ਹਨ ਜਾਂ ਕਿਸੇ ਹੋਰ ਹਲਕੇ ਵਿੱਚ ਪ੍ਰਵਾਸ ਕਰ ਚੁੱਕੇ ਹਨ, ਯੋਗਤਾ ਦੀ ਮਿਤੀ 01 ਜਨਵਰੀ, 2021 ਤੋਂ ਸੂਚੀ ਦੀ ਵਿਸ਼ੇਸ਼ ਸੁਧਾਈ ਦੀ ਵਰਤੋਂ ਕਰ ਸਕਦੇ ਹਨ ਭਾਵ ਜਿਹਨਾਂ ਦੀ ਉਮਰ ਮਿਤੀ 01.01.2021 ਨੂੰ ਜਾਂ ਇਸ ਤੋਂ ਪਹਿਲਾਂ 18 ਸਾਲ ਦੀ ਪੂਰੀ ਹੋ ਚੁੱਕੀ ਹੈ ਜਾਂ ਪੂਰੀ ਹੋਣ ਵਾਲੀ ਹੈ।
31.08.2020 ਤੱਕ ਆਨਲਾਈਨ/ਆਫਲਾਈਨ ਪ੍ਰਾਪਤ ਕੀਤੇ ਫਾਰਮਾਂ ਨੂੰ ਵੋਟਰ ਸੂਚੀ ਵਿੱਚ ਸ਼ਾਮਲ ਕੀਤਾ ਜਾਵੇਗਾ, ਜੋ 16.11.2020 ਨੂੰ ਜਾਰੀ ਕੀਤੀ ਜਾਵੇਗੀ। ਦਾਅਵੇ ਅਤੇ ਇਤਰਾਜ਼ 16.11.2020 ਤੋਂ 15.12.2020 ਤੱਕ ਪ੍ਰਾਪਤ ਕੀਤੇ ਜਾਣਗੇ। 21.11.2020, 22.11.2020, 05.12.2020 ਅਤੇ 06.12.2020 ਨੂੰ ਸਾਰੇ ਪੋਲਿੰਗ ਸਟੇਸ਼ਨਾਂ ‘ਤੇ ਵਿਸ਼ੇਸ਼ ਕੈਂਪ ਵੀ ਲਗਾਏ ਜਾਣਗੇ।
ਇਸ ਸਬੰਧੀ ਵੇਰਵੇ ਦਿੰਦਿਆਂ, ਡਾ. ਐਸ. ਕਰੁਣਾ ਰਾਜੂ, ਮੁੱਖ ਚੋਣ ਅਧਿਕਾਰੀ, ਪੰਜਾਬ ਨੇ ਕਿਹਾ, ਬੂਥ ਲੈਵਲ ਅਧਿਕਾਰੀ (ਬੀ.ਐਲ.ਓਜ਼) ਭਾਰਤੀ ਚੋਣ ਕਮਿਸ਼ਨ ਦੇ ਮੁੱਖ ਅਧਿਕਾਰੀਆਂ ਵਜੋਂ ਕੰਮ ਕਰਦੇ ਹਨ। ਉਹ ਆਪਣੇ ਖੇਤਰ ਦੀਆਂ ਵੋਟਰ ਸੂਚੀਆਂ ਦੇ ਪ੍ਰਬੰਧਨ ਲਈ ਜ਼ਿੰਮੇਵਾਰ ਹਨ ਕਿਉਂ ਜੋ ਉਹ ਭਾਰਤੀ ਚੋਣ ਕਮਿਸ਼ਨ ਦੀ ਤਰਫੋਂ ਤਸਦੀਕ ਲਈ ਇਕੋ ਇਕ ਜ਼ਰੀਆ ਹਨ ਪਰ ਕੋਵਿਡ -19 ਦੇ ਚੱਲਦਿਆਂ ਕਈ ਚੁਣੌਤੀਆਂ ਖੜੀਆਂ ਹੋ ਗਈਆਂ ਹਨ। ਇਹਨਾਂ ਹਾਲਾਤਾਂ ‘ਤੇ ਕਾਬੂ ਪਾਉਣ ਲਈ, ਅਸੀਂ ਤਕਨਾਲੋਜੀ ਦੀ ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਕਰਨ ਅਤੇ ਇਸ ਪ੍ਰੋਗਰਾਮ ਨੂੰ ਹੋਰ ਮਜ਼ਬੂਤ ਅਤੇ ਕਾਰਗਰ ਬਣਾਉਣ ਦਾ ਫੈਸਲਾ ਕੀਤਾ ਹੈ। “
ਵਧੀਕ ਮੁੱਖ ਚੋਣ ਅਫ਼ਸਰ ਮਾਧਵੀ ਕਟਾਰੀਆ ਨੇ ਕਿਹਾ, ਕੋਰੋਨਾ ਵਾਇਰਸ ਦੇ ਮੌਜੂਦਾ ਸੰਕਟ ਕਾਰਨ ਸਾਡੇ ਨਜ਼ਰੀਏ ਅਤੇ ਚੋਣ ਅਮਲੇ ਦੇ ਕੰਮਕਾਜ ‘ਚ ਵੱਡਾ ਬਦਲਾਅ ਆਵੇਗਾ ਜਿਸ ਨਾਲ ਸਾਨੂੰ ਤਕਨਾਲੋਜੀ ਦੀ ਵਰਤੋਂ ਨਾਲ ਨਵੇਂ ਸਿਰੇ ਤੋਂ ਸੋਚਣ ਅਤੇ ਇਕਜੁੱਟ ਹੋ ਕੇ ਕੰਮ ਕਰਨ ਦੀ ਸਮਰੱਥਾ ਮਿਲੇਗੀ।
ਨਾਗਰਿਕ ਆਪਣੇ ਚੋਣ ਵੇਰਵਿਆਂ ਦੀ ਟੋਲ ਫ੍ਰੀ ਹੈਲਪ ਲਾਈਨ ਨੰ. 1950, ਮੋਬਾਈਲ ਐਪ, (ਵੋਟਰ ਹੈਲਪਲਾਈਨ), ਨੈਸ਼ਨਲ ਵੋਟਰ ਸਰਵਿਸ ਪੋਰਟਲ (.) ‘ਤੇ ਆਨਲਾਈਨ ਤਸਦੀਕ ਕਰ ਸਕਦੇ ਹਨ। ਇਸ ਤੋਂ ਇਲਾਵਾ, ਉਹ ਕਾਮਨ ਸਰਵਿਸ ਸੈਂਟਰਾਂ (ਸੀਐਸਸੀ) ਵਿਖੇ ਜਾ ਸਕਦੇ ਹਨ ਜਾਂ ਭਰੇ ਗਏ ਫਾਰਮ ਦੀ ਕਾਪੀ ਬੀਐਲਓਜ਼ ਕੋਲ ਜਮਾਂ ਕਰਵਾ ਸਕਦੇ ਹਨ। ਨਾਗਰਿਕ ਆਪਣੇ ਵੇਰਵਿਆਂ ਨੂੰ ਪ੍ਰਮਾਣਿਤ ਕਰ ਸਕਦੇ ਹਨ ਅਤੇ ਕਿਸੇ ਅਧਿਕਾਰਤ ਦਸਤਾਵੇਜ਼ – ਆਧਾਰ ਕਾਰਡ, ਸਥਾਈ ਖਾਤਾ ਨੰਬਰ (ਪੈਨ) ਕਾਰਡ, ਡ੍ਰਾਇਵਿੰਗ ਲਾਇਸੈਂਸ, ਪਾਸਪੋਰਟ, , ਕਿਸੇ ਮਾਨਤਾ ਪ੍ਰਾਪਤ ਬੈਂਕ ਜਾਂ ਡਾਕਘਰ ਦੁਆਰਾ ਜਾਰੀ ਕੀਤੀ ਗਈ ਪਾਸਬੁੱਕ, ਸੇਵਾਮੁਕਤ ਕਰਮਚਾਰੀਆਂ ਦਾ ਪੈਨਸ਼ਨ ਦਸਤਾਵੇਜ਼ (ਫੋਟੋ ਸਮੇਤ), ਕੇਂਦਰ ਰਾਜ ਸਰਕਾਰ ਦੁਆਰਾ ਜਾਰੀ ਸਰਵਿਸ ਆਈਡੀ ਕਾਰਡ, ਮਨਰੇਗਾ ਜੌਬ ਕਾਰਡ, ਕਿਰਤ ਅਤੇ ਰੋਜ਼ਗਾਰ ਮੰਤਰਾਲੇ ਦੁਆਰਾ ਜਾਰੀ ਸਿਹਤ ਬੀਮਾ ਸਮਾਰਟ ਕਾਰਡ, ਚੋਣ ਅਮਲੇ ਦੁਆਰਾ ਜਾਰੀ ਪ੍ਰਮਾਣਿਤ ਫੋਟੋ ਵੋਟਰ ਸਲਿੱਪ ਜਾਂ ਚੋਣ ਕਮਿਸ਼ਨ ਦੁਆਰਾ ਪ੍ਰਵਾਨਤ ਹੋਰ ਦਸਤਾਵੇਜ਼ ਜਮਾ ਕਰਵਾ ਕੇ ਵੋਟਰਾਂ ਵਜੋਂ ਆਪਣਾ ਨਾਮ ਦਰਜ ਕਰਵਾ ਸਕਦੇ ਹਨ।
ਮੁੱਖ ਚੋਣ ਅਧਿਕਾਰੀ ਨੇ ਸਮੂਹ ਡਿਪਟੀ ਕਮਿਸ਼ਨਰਾਂ-ਕਮ-ਜ਼ਿਲਾ ਚੋਣ ਅਧਿਕਾਰੀਆਂ ਨੂੰ ਵੋਟਰ ਸੂਚੀਆਂ ਦੀ ਸੁਧਾਈ ਕਰਨ ਅਤੇ ਸਮੇਂ-ਸਮੇਂ ਤੇ ਆਪਣੀਆਂ ਟੀਮਾਂ ਦੀ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ । ਮੁੱਖ ਚੋਣ ਅਧਿਕਾਰੀ, ਪੰਜਾਬ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਨੂੰ ਹਰੇਕ ਪੋਲਿੰਗ ਸਟੇਸ਼ਨ ਲਈ ਬੂਥ ਲੈਵਲ ਏਜੰਟਾਂ (ਬੀ.ਐਲ.ਏ.) ਦੀ ਪਛਾਣ ਕਰਨ ਅਤੇ ਨਿਯੁਕਤ ਕਰਨ ਲਈ ਪ੍ਰੇਰਿਤ ਕਰਨਗੇ ਜੋ ਬੀ.ਐਲ.ਓਜ਼ ਦੇ ਨਾਲ ਵੋਟਰ ਸੂਚੀਆਂ ਵਿਚ ਕੀਤੇ ਸੁਧਾਰਾਂ ਅਤੇ ਸੋਧਾਂ ਦੀ ਪੜਤਾਲ ਕਰੇਗਾ