ਕਿਸਾਨਾਂ ਤੋਂ ਮੁਫਤ ਬਿਜਲੀ ਦੀ ਸਹੂਲਤ ਵਾਪਸ ਲੈਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ: ਕੈਪਟਨ ਅਮਰਿੰਦਰ ਸਿੰਘ


ਕੇਂਦਰ ਨੂੰ ਅਨਾਜ ਖਰੀਦਣ ਦਾ ਸਿਸਟਮ ਬਦਲਣ ਅਤੇ ਐਮ.ਐਸ.ਪੀ. ਬੰਦ ਨਹੀਂ ਕਰਨ ਦੇਵਾਂਗੇ
ਚੰਡੀਗੜ੍ਹ, 26 ਫਰਵਰੀ ( ਨਿਊਜ਼ ਪੰਜਾਬ )
ਵਿਰੋਧੀਆਂ ਵੱਲੋਂ ਫੈਲਾਏ ਜਾ ਰਹੇ ਕੂੜ ਪ੍ਰਚਾਰ ‘ਤੇ ਵਰ੍ਹਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀ ਸਰਕਾਰ ਹੈ ਉਦੋਂ ਤੱਕ ਕਿਸਾਨਾਂ ਨੂੰ ਮਿਲਦੀ ਮੁਫਤ ਬਿਜਲੀ ਦੀ ਸਹੂਲਤ ਵਾਪਸ ਨਹੀਂ ਲਈ ਜਾਵੇਗੀ।
ਪੰਜਾਬ ਵਿਧਾਨ ਸਭਾ ਵਿੱਚ ਰਾਜਪਾਲ ਦੇ ਭਾਸ਼ਣ ਉਤੇ ਧੰਨਵਾਦ ਪ੍ਰਸਤਾਵ ‘ਤੇ ਚੱਲ ਰਹੀ ਬਹਿਸ ਦੌਰਾਨ ਸਮਾਪਤੀ ਭਾਸ਼ਣ ਵਿੱਚ ਮੁੱਖ ਮੰਤਰੀ ਨੇ ਸੂਬੇ ਵਿੱਚ ਅਨਾਜ ਦੀ ਨਿਰਵਿਘਨ ਖਰੀਦ ਜਾਰੀ ਰੱਖਣ ਦੀ ਆਪਣੀ ਵਚਨਬੱਧਤਾ ਵੀ ਦੁਹਰਾਈ ਅਤੇ ਨਾਲ ਹੀ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਐਮ.ਐਸ.ਪੀ. ਆਧਾਰਿਤ ਅਨਾਜ ਦੀ ਖਰੀਦ ਬੰਦ ਨਾ ਕੀਤੀ ਜਾਵੇ ਕਿਉਂਕਿ ਇਸ ਨਾਲ ਕਿਸਾਨਾਂ ਦੀ ਰੋਜ਼ੀ ਰੋਟੀ ਉਪਰ ਮਾੜਾ ਅਸਰ ਪਵੇਗਾ ਅਤੇ ਦੇਸ਼ ਦੇ ਅੰਨ ਭੰਡਾਰ ਵੀ ਪ੍ਰਭਾਵਿਤ ਹੋਣਗੇ।
ਖੇਤੀਬਾੜੀ ਕਰਜ਼ਾ ਮੁਆਫੀ ਅਤੇ ਹੋਰਨਾਂ ਸਾਧਨਾਂ ਜ਼ਰੀਏ ਕਿਸਾਨਾਂ ਦੀ ਸਮਾਜਿਕ ਤੇ ਆਰਥਿਕ ਸੁਰੱਖਿਆ ਵਧਾਉਣ ਦੀ ਆਪਣੀ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤੱਕ 5.62 ਲੱਖ ਯੋਗ ਕਿਸਾਨਾਂ ਦਾ 4603 ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਮੁਆਫ ਕੀਤਾ ਗਿਆ ਹੈ ਜਦੋਂ ਕਿ ਬਾਕੀਆਂ ਨੂੰ ਜਲਦ ਰਾਹਤ ਦਿੱਤੀ ਜਾਵੇਗੀ ਜਿਸ ਲਈ ਵਿੱਤ ਮੰਤਰੀ ਵੱਲੋਂ ਸ਼ੁੱਕਵਾਰ ਨੂੰ ਲੋੜੀਂਦੀ ਬਜਟ ਪ੍ਰੋਵੀਜ਼ਨ ਰੱਖੀ ਜਾਵੇਗੀ।
ਨਿਰਵਿਘਨ ਖਰੀਦ ਪ੍ਰਬੰਦਾਂ ਨੂੰ ਆਪਣੀ ਸਰਕਾਰ ਦੀ ਪਹਿਲ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮੰਡੀਆਂ ਵਿੱਚ ਨਿਰਪੱਖ ਖਰੀਦ ਕੰਮਾਂ ਵਿੱਚ ਕੋਈ ਦਖਲਅੰਦਾਜ਼ੀ ਨਾ ਕੀਤੇ ਜਾਣ ਦਾ ਹੀ ਸਿੱਟਾ ਹੈ ਪਿਛਲੀਆਂ ਛੇ ਫਸਲਾਂ ਦੌਰਾਨ ਕਿਸਾਨਾਂ ਵੱਲੋਂ ਵੱਧ ਤੋਂ ਵੱਧ ਅਨਾਜ ਦੀ ਪੈਦਾਵਾਰ ਕੀਤੀ ਗਈ ਹੈ ਅਤੇ ਕਿਸਾਨਾਂ ਨੂੰ 44,000 ਕਰੋੜ ਰੁਪਏ ਦਾ ਵਾਧੂ ਮਿਹਨਤਾਨਾ ਮਿਲਿਆ ਹੈ ਜਿਹੜੀ ਕਿ ਸਾਡੇ ਕਿਸਾਨਾਂ ਲਈ ਬੇਮਿਸਾਲ ਪ੍ਰਾਪਤੀ ਹੈ।
ਸੂਬਾ ਸਰਕਾਰ ਵੱਲੋਂ ਫਸਲੀ ਵਿਭਿੰਨਤਾ ਲਈ ਹੁਣ ਤੱਕ ਕੀਤੀਆਂ ਕੋਸ਼ਿਸ਼ਾਂ ਗਿਣਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਹਾਲੇ ਤੱਕ ਕਾਫੀ ਨਹੀਂ ਹਨ ਅਤੇ ਵਿੱਤ ਮੰਤਰੀ ਆਪਣੇ ਬਜਟ ਸੈਸ਼ਨ ਵਿੱਚ ਮੱਕੀ ਦੀ ਕਾਸ਼ਤ ਨਾਲ ਫਸਲੀ ਵਿਭਿੰਨਤਾ ਦੇ ਟੀਚੇ ਨੂੰ ਹਾਸਲ ਕਰਨ ਲਈ ਵਿਆਪਕ ਸਕੀਮ ਦਾ ਐਲਾਨ ਕਰਨਗੇ।
ਮੁੱਖ ਮੰਤਰੀ ਨੇ ਕਿਹਾ ਕਿ ਧਰਤੀ ਹੇਠਲਾ ਪਾਣੀ ਬਚਾਉਣ ਅਤੇ ਖੇਤੀਬਾੜੀ ਫਸਲੀ ਵਿਭਿੰਨਤਾ ਤਹਿਤ ਝੋਨੇ ਹੇਠਲਾ ਰਕਬਾ 2.50 ਲੱਖ ਹੈਕਟੇਅਰ ਘਟਾਇਆ ਹੈ ਜਿਸ ਨਾਲ ਪੈਦਾਵਾਰ ਵਿੱਚ ਸਿਰਫ 12 ਲੱਖ ਟਨ ਘਟੀ ਹੈ। ਪਿਛਲੇ ਤਿੰਨ ਸਾਲਾਂ ਦੌਰਾਨ ਕਣਕ ਦੀ ਪੈਦਾਵਾਰ 7.30 ਲੱਖ ਟਨ ਵਧੀ ਹੈ। ਬਾਸਮਤੀ ਤੇ ਕਪਾਹ ਦੀ ਪੈਦਾਵਾਰ ਕ੍ਰਮਵਾਰ 2.10 ਲੱਖ ਟਨ ਤੇ 4.81 ਲੱਖ ਬੇਲਾਂ ਵਧੀਆਂ ਹਨ।